ਟ੍ਰਿਬਿਊਨ ਨਿਊਜ਼ ਸਰਵਿਸ
ਕੋਟਕਪੂਰਾ, 8 ਅਕਤੂਬਰ
ਪੰਜਾਬ ਰਾਜ ਪਾਵਰ ਕਾਰੋਪਰੇਸ਼ਨ ਲਿਮਿਟਡ ਦਫ਼ਤਰ ਡਿਵੀਜ਼ਨ ਕੋਟਕਪੂਰਾ ਮੂਹਰੇ ਅੱਜ ਪੰਜਾਬ ਯੂ.ਟੀ ਮੁਲਾਜ਼ਮ ਸੰਘਰਸ਼ ਕਮੇਟੀ ਪੰਜਾਬ ਵੱਲੋਂ ਆਏ ਪ੍ਰੋਗਰਾਮ ਤਹਿਤ ਪੈਨਸ਼ਨਰਜ਼ ਐਸੋਸੀਏਸ਼ਨ (ਪੀਐਸਪੀਸੀਐਲ) ਮੰਡਲ ਕੋਟਕਪੂਰਾ ਵੱਲੋਂ ਦਰਸ਼ਨ ਕੁਮਾਰ ਬਾਵਾ ਦੀ ਪ੍ਰਧਾਨਗੀ ਹੇਠ ਧਰਨਾ ਦਿੱਤਾ ਗਿਆ ਜਿਸ ਵਿਚ ਪੇਅ-ਕਮਿਸ਼ਨ ਰੀਪੋਰਟ ਲਾਗੂ ਕੀਤੇ ਜਾਣ, ਡੀਏ ਦੀਆ ਕਿਸ਼ਤਾਂ ਦਾ ਏਰੀਅਰ ਦੇਣ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੀ ਮੰਗ ਉਠਾਈ ਗਈ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੂੰ ਸੰਬਧੋਨ ਕਰਦਿਆਂ ਪਰਮਜੀਤ ਸ਼ਰਮਾ, ਜਰਨੈਲ ਸਿੰਘ, ਸੁਰਿੰਦਰ ਸਿੰਘ, ਪ੍ਰੇਮ ਸਿੰਘ ਆਦਿ ਆਖਿਆ ਕਿ ਕੇਂਦਰੀ ਬਾਡੀ ਵੱਲੋਂ ਤਿਆਰ ਕੀਤੀਆਂ ਗਈਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤੇ ਉਨ੍ਹਾਂ ਨੂੰ ਲਾਗੂ ਨਾ ਕੀਤਾ ਗਿਆ ਤਾਂ ਪੈਨਸ਼ਨਰ ਵੱਡੇ ਪੱਧਰ ’ਤੇ ਸੰਘਰਸ਼ ਵਿੱਢਣਗੇ। ਇਸ ਤੋਂ ਵੱਖਰੇ ਤੌਰ ’ਤੇ ਕਿਸਾਨ ਜਥੇਬੰਦੀਆ ਵੱਲੋਂ ਚਲਾਏ ਜਾ ਰਹੇ ਸੰਘਰਸ਼ ਨੂੰ ਜਥੇਬੰਦੀ ਵੱਲੋਂ ਹਮਾਇਤ ਦਿੰਦਿਆਂ ਧਰਨਿਆਂ ਵਿਚ ਸ਼ਮੂਲੀਅਤ ਕੀਤੀ ਜਾ ਰਹੀ ਹੈ। ਬੁਲਾਰਿਆਂ ਨੇ ਇਹ ਵੀ ਦੱਸਿਆ ਕਿ ਕਿਸਾਨ, ਛੋਟੇ ਦੁਕਾਨਦਾਰ, ਹੋਰ ਵਰਗ ਦੀ ਹੌਂਦ ਨੂੰ ਵੱਡਾ ਖਤਰਾ ਹੈ। ਇਸ ਕਰਕੇ ਕੇਂਦਰ ਸਰਕਾਰ ਦੀ ਆਰਥਿਕ ਸਨਅਤੀ ਨੀਤੀ ਦੇ ਖ਼ਿਲਾਫ਼ ਵੱਡੀ ਪੱਧਰ ਤੇ ਲੜਾਈ ਲੜਣ ਦੀ ਲੋੜ ਹੈ ਅਤੇ ਸਾਮਰਾਜਵਾਦ ਸਿਸਟਮ ਖ਼ਿਲਾਫ਼ ਹੋਣੀ ਚਾਹੀਦੀ ਹੈ। ਇਸ ਮੌਕੇ ਕਿਸਾਨੀ ਸੰਘਰਸ਼ ਨੂੰ ਹਿਮਾਇਤ ਦੇਣਾ, ਉੱਤਰ ਪ੍ਰਦੇਸ਼ ਦੀ ਔਰਤ ਦੀ ਦਰਦਨਾਕ ਮੌਤ ਦੇ ਮਾਮਲੇ ਵਿਚ ਮੁਲਜ਼ਮਾਂ ਨੂੰ ਸਜ਼ਾ ਦੇਣ ਦੀ ਮੰਗ ਸਬੰਧੀ ਮਤੇ ਪਾਸ ਕੀਤੇ ਗਏ।