ਲਖਵਿੰਦਰ ਸਿੰਘ
ਮਲੋਟ, 30 ਮਈ
ਨੇੜਲੇ ਪਿੰਡ ਛਾਪਿਆਂ ਵਾਲੀ ਵਿੱਚ ਕਰੀਬ 15 ਦਿਨ ਪਹਿਲਾਂ ਘਰੋਂ ਬਾਹਰ ਮ੍ਰਿਤਕ ਮਿਲੇ ਇੱਕ ਵਿਅਕਤੀ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਇਨਸਾਫ ਲੈਣ ਲਈ ਅੱਜ ਮਲੋਟ-ਸੀਤੋ ਡਿਫੈਂਸ ਰੋਡ ’ਤੇ ਧਰਨਾ ਦੇ ਕੇ ਪੁਲੀਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਭਤੀਜੇ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਤਾਏ ਦੀ ਲਾਸ਼ ਪਿੰਡ ਕੋਲੋਂ ਲੰਘਦੇ ਇੱਕ ਸੂਏ ਕੋਲੋਂ ਮਿਲੀ ਸੀ ਅਤੇ ਪੁਲੀਸ ਉਸ ਸਬੰਧੀ ਪਹਿਲਾਂ ਤਾਂ ਕਹਿੰਦੀ ਰਹੀ ਕਿ ਗੰਭੀਰਤਾ ਨਾਲ ਪੜਤਤਾਲ ਕੀਤੀ ਜਾਵੇਗੀ ਪਰ ਹੁਣ ਪੁਲੀਸ ਵੱਲੋਂ ਉਸਨੂੰ ਮਹਿਜ ਇੱਕ ਸੜਕ ਹਾਦਸਾ ਦਰਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਦੋਂਕਿ ਉਸਦੇ ਤਾਏ ਦਾ ਕਤਲ ਹੋਇਆ ਹੈ, ਜਿਸਦੇ ਸਾਰੇ ਸਬੂਤ ਪੁਲੀਸ ਨੂੰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਹੁਣ ਜਦੋਂ ਉਹ ਪੁਲੀਸ ਕੋਲ ਜਾ ਕੇ ਇਨਸਾਫ ਦੀ ਮੰਗ ਕਰਦੇ ਹਨ ਤਾਂ ਥਾਣਾ ਇੰਚਾਰਜ ਚੰਦਰਸ਼ੇਖਰ ਕੁਮਾਰ ਉਨ੍ਹਾਂ ਨੂੰ ਭੱਜ-ਭੱਜ ਕੇ ਪੈਂਦਾ ਹੈ ਅਤੇ ਦਾਬੇ ਮਾਰਦਾ ਹੈ ਕਿ ਤੁਸੀਂ ਥਾਣੇ ’ਚ ਨਹੀਂ ਵੜਨੇ ਚਾਹੀਦੇ। ਅਸੀਂ ਸ਼ੱਕੀ ਵਿਅਕੀਆਂ ਦੇ ਨਾਂ ਪੁਲੀਸ ਨੂੰ ਦੱਸੇ ਹਨ ਪਰ ਪੁਲੀਸ ਉਨ੍ਹਾਂ ਨੂੰ ਕਾਬੂ ਕਰਨ ਵਿੱਚ ਆਨਾਕਾਨੀ ਕਰ ਰਹੀ ਹੈ।
ਓਧਰ, ਥਾਣਾ ਇਚਾਰਜ ਚੰਦਰਸ਼ੇਖਰ ਨੇ ਕਿਹਾ ਕਿ ਡੀਐੱਸਪੀ ਜਸਪਾਲ ਸਿੰਘ ਢਿੱਲੋਂ ਵੱਲੋਂ ਮੁੜ ਪੜਤਾਲ ਲਈ ਇਨਕੁਆਰੀ ਮਾਰਕ ਕਰ ਦਿੱਤੀ ਗਈ ਹੈ। ਜਿਥੋਂ ਤੱਕ ਥਾਣੇ ਵਿੱਚ ਨਾ ਵੜਨ ਦੇਣ ਦੀ ਗੱਲ ਹੈ, ਉਨ੍ਹਾਂ ਇਹ ਗੱਲ ਨਹੀਂ ਕਹੀ।
ਖ਼ੂਨ ਨਾਲ ਲੱਥਪੱਥ ਮਹਿਲਾ ਦੀ ਲਾਸ਼ ਮਿਲੀ, ਪਰਿਵਾਰ ਨੂੰ ਕਤਲ ਦਾ ਸ਼ੱਕ
ਸਿਰਸਾ (ਨਿੱਜੀ ਪੱਤਰ ਪ੍ਰੇਰਕ) ਇਥੋਂ ਦੇ ਜੈ ਜੈ ਕਾਲੋਨੀ ਦੇ ਇਕ ਮਕਾਨ ’ਚੋਂ ਇਕ 28 ਸਾਲਾ ਵਿਆਹੁਤਾ ਮਹਿਲਾ ਦੀ ਖ਼ੂਨ ਨਾਲ ਲੱਥਪੱਥ ਲਾਸ਼ ਮਿਲੀ ਹੈ। ਮ੍ਰਿਤਕਾ ਦੀ ਪਛਾਣ ਜੈ ਜੈ ਕਾਲੋਨੀ ਵਾਸੀ ਪੂਨਮ ਵਜੋਂ ਕੀਤੀ ਗਈ ਹੈ। ਦੇਹ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਈ ਗਈ ਹੈ। ਮ੍ਰਿਤਕਾ ਦੇ ਪਰਿਵਾਰ ਵੱਲੋਂ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਲਈ ਸਿਵਲ ਹਸਪਤਾਲ ’ਚ ਹੰਗਾਮਾ ਕੀਤਾ ਗਿਆ ਅਤੇ ਬਾਅਦ ਵਿੱਚ ਜੈ ਜੈ ਕਾਲੋਨੀ ਨੂੰ ਜਾਣ ਵਾਲੀ ਸੜਕ ’ਤੇ ਜਾਮ ਲਾ ਦਿੱਤਾ। ਪਰਿਵਾਰ ਨੇ ਮ੍ਰਿਤਕਾ ਦੇ ਪੋਸਟਮਾਰਟਮ ਤੋਂ ਪਹਿਲਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਪੁਲੀਸ ਦੇ ਅਧਿਕਾਰੀ ਪਰਿਵਾਰ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਲੋਕ ਆਪਣੀ ਮੰਗ ’ਤੇ ਕਾਫੀ ਦੇਰ ਤੱਕ ਅੜੇ ਰਹੇ। ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਡੀਐੱਸਪੀ ਆਰਿਅਨ ਚੌਧਰੀ ਨੇ ਦੱਸਿਆ ਹੈ ਕਿ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਇਕ ਕਮਰੇ ’ਚ ਮਹਿਲਾ ਦੀ ਲਾਸ਼ ਪਈ ਹੈ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਪਹੁੰਚਾਈ। ਉਨ੍ਹਾਂ ਨੇ ਦੱਸਿਆ ਕਿ ਮੁਢਲੀ ਜਾਂਚ ’ਚ ਮਾਮਲਾ ਕਤਲ ਦਾ ਲੱਗ ਰਿਹਾ ਹੈ ਤੇ ਪਰਿਵਾਰ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਬਿਆਨਾਂ ਮਗਰੋਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪਰਿਵਾਰ ਨੇ ਪੰਕਜ ਨਾਂ ਦੇ ਇਕ ਨੌਜਵਾਨ ਤੇ ਉਸ ਦੇ ਪਰਿਵਾਰ ’ਤੇ ਦੋਸ਼ ਲਾਏ ਹਨ। ਫਿਲਹਾਲ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।