ਬਾਘਾ ਪੁਰਾਣਾ: ਭਾਵੇਂ ਸਥਾਨਕ ਸ਼ਹਿਰ ਵਿਕਾਸ ਖੁਣੋਂ ਤਰਸਦਾ ਫਿਰ ਰਿਹਾ ਹੈ ਪਰ ਸ਼ਹਿਰ ਦੇ ਲੜਕੀਆਂ ਵਾਲੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਸੜਕ ਦੇ ਇਕ ਕਿਨਾਰੇ ਉਪਰ ਪਿਛਲੇ ਲੰਬੇ ਸਮੇਂ ਤੋਂ ਸੋਲਿੰਗ ਨਾ ਲੱਗਣ ਕਰ ਕੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਥੋਂ ਰੋਜ਼ਾਨਾ ਲੰਘਣ ਵਾਲੇ ਰਾਹਗੀਰਾਂ ਨੇ ਦੱਸਿਆ ਕਿ ਇਸ ਛੋਟੇ ਜਿਹੇ ਹਿੱਸੇ ਉਪਰ ਸੋਲਿੰਗ ਨਾ ਲਾਉਣਾ ਨਗਰ ਕੌਂਸਲ ਦੀ ਸਭ ਤੋਂ ਵੱਡੀ ਅਣਗਹਿਲੀ ਹੈ। ਦੂਜੀ ਵੱਡੀ ਅਣਗਹਿਲੀ ਇਹ ਹੈ ਕਿ ਇਸ ਹਿੱਸੇ ਉੱਪਰ ਪਈਆਂ ਦੋ ਵੱਡੀਆਂ ਸਲੈਬਾਂ ਉਪਰ ਵੀ ਕੌਂਸਲ ਦੇ ਕਿਸੇ ਅਧਿਕਾਰੀ ਦੀ ਨਜ਼ਰ ਨਹੀਂ ਪੈ ਰਹੀ। ਲੋਕਾਂ ਨੇ ਦੱਸਿਆ ਕਿ ਵੱਡੀਆਂ ਸਲੈਬਾਂ ਜੋ ਕਿ ਸੜਕ ਦੇ ਵਿਚਕਾਰ ਪਈਆਂ ਹਨ, ਉਹ ਨਿੱਤ-ਦਿਨ ਹਾਦਸਿਆਂ ਦਾ ਕਾਰਨ ਬਣ ਰਹੀਆਂ ਹਨ। ਸ਼ਹਿਰ ਦੇ ਪਤਵੰਤਿਆਂ ਅਤੇ ਰਾਹਗੀਰਾਂ ਨੇ ਪ੍ਰਸ਼ਾਸਨ ਤੇ ਸਬੰਧਤ ਵਿਭਾਗ ਨੂੰ ਬੇਨਤੀ ਕੀਤੀ ਹੈ ਕਿ ਉਹ ਸੜਕ ਦੇ ਇਸ ਛੋਟੇ ਜਿਹੇ ਹਿੱਸੇ ਉਪਰ ਬਿਨਾਂ ਦੇਰੀ ਸੋਲਿੰਗ ਲਗਵਾਉਣ ਅਤੇ ਇੱਥੇ ਰਾਹ ਦੇ ਵਿਚਕਾਰ ਪਈਆਂ ਸਲੈਬਾਂ ਨੂੰ ਵੀ ਤੁਰੰਤ ਚੁਕਵਾਉਣ। -ਪੱਤਰ ਪ੍ਰੇਰਕ