ਸ਼ਗਨ ਕਟਾਰੀਆ
ਬਠਿੰਡਾ/ਜੈਤੋ, 27 ਸਤੰਬਰ
‘ਭਾਰਤ ਬੰਦ’ ਦਾ ਮਾਲਵੇ ਖਿੱਤੇ ’ਚ ਨਿੱਗਰ ਪ੍ਰਭਾਵ ਵੇਖਣ ਨੂੰ ਮਿਲਿਆ। ਜ਼ਰੂਰੀ ਸੇਵਾਵਾਂ ਤੋਂ ਬਿਨਾਂ ਬਾਕੀ ਵਪਾਰਕ ਕੇਂਦਰ ਮੁਕੰਮਲ ਰੂਪ ’ਚ ਬੰਦ ਰਹੇ। ਸਰਕਾਰੀ ਤੇ ਨਿੱਜੀ ਬੱਸਾਂ ਸੜਕਾਂ ਤੋਂ ਲੋਪ ਰਹੀਆਂ। ਰੇਲਾਂ ਦੀ ਆਵਾਜਾਈ ਵਿਭਾਗ ਵੱਲੋਂ ਮੁਲਤਵੀ ਕੀਤੇ ਜਾਣ ਕਾਰਣ ਸਫ਼ਰ ਕਰਨ ਵਾਲੇ ਵੱਡੀ ਗਿਣਤੀ ਵਿੱਚ ਮੁਸਾਫ਼ਿਰ ਬਠਿੰਡਾ ਰੇਲਵੇ ਜੰਕਸ਼ਨ ’ਤੇ ਫਸੇ ਰਹੇ। ਦੁਰੇਡਾ ਸਫ਼ਰ ਕਰਨ ਵਾਲੇ ਯਾਤਰੀਆਂ ਨੇ ਟਿਕਟ ਵਾਪਸੀ ਲਈ ਟਿਕਟ ਕਾਊਂਟਰਾਂ ਤੱਕ ਵੀ ਪਹੁੰਚ ਕੀਤੀ ਪਰ ਅੱਗੋਂ ਜੁਆਬ ਸੀ ਕਿ ਰੇਲਵੇ ਨਿਯਮਾਂ ਮੁਤਾਬਿਕ ਟਿਕਟ ਵਾਪਸੀ ਸਿਰਫ ਯਾਤਰਾ ਦੇ ਮੁੱਢਲੇ ਸਟੇਸ਼ਨ ’ਤੇ ਹੀ ਸੰਭਵ ਹੈ।
ਜ਼ਿਆਦਾਤਰ ਨਿੱਜੀ ਵਿੱਦਿਅਕ ਅਦਾਰੇ ਹੜਤਾਲ ਕਾਰਨ ਬੰਦ ਰਹੇ। ਸਰਕਾਰੀ ਸਕੂਲਾਂ/ਕਾਲਜਾਂ ਵਿੱਚ ਵੀ ਵਿਦਿਆਰਥੀਆਂ ਦੀ ਹਾਜ਼ਰੀ ਘੱਟ ਸੀ। ਸਰਕਾਰੀ ਦਫ਼ਤਰ ਭਾਵੇਂ ਖੁੱਲ੍ਹੇ ਸਨ ਪਰ ਆਵਾਜਾਈ ਦੇ ਸਾਧਨ ਰੁਕਣ ਕਾਰਣ ਕੰਮਕਾਰ ਲਈ ਪੁੱਜਣ ਵਾਲੇ ਲੋਕਾਂ ਦੀ ਗਿਣਤੀ ਨਾ-ਮਾਤਰ ਸੀ। ਬਠਿੰਡਾ ਜ਼ਿਲ੍ਹੇ ’ਚ ਕੌਮੀ ਤੇ ਰਾਜ ਮਾਰਗਾਂ ਸਮੇਤ ਪ੍ਰਮੁੱਖ ਸੜਕਾਂ ਅਤੇ ਰੇਲਵੇ ਪਟੜੀਆਂ ’ਤੇ ਕਿਸਾਨ ਡਟੇ ਹੋਣ ਕਰਕੇ ਸੁੰਨਸਾਨ ਪਸਰੀ ਸੀ। ਜਾਣਕਾਰੀ ਮੁਤਾਬਕ ਬਠਿੰਡਾ ਜ਼ਿਲ੍ਹੇ ਅੰਦਰ ਅਜਿਹੇ ਧਰਨਿਆਂ ਦੀ ਗਿਣਤੀ ਚਾਰ ਦਰਜਨ ਤੋਂ ਵੱਧ ਸੀ। ਇਸੇ ਤਰ੍ਹਾਂ ਜੈਤੋ, ਬਾਜਾਖਾਨਾ ਅਤੇ ਬਰਗਾੜੀ ਖੇਤਰਾਂ ’ਚ ਵੀ ਕਰੀਬ ਇੱਕ ਦਰਜਨ ਥਾਵਾਂ ’ਤੇ ਧਰਨੇ ਲਾਏ ਗਏ।
ਫ਼ਰੀਦਕੋਟ (ਜਸਵੰਤ ਜੱਸ): ‘ਭਾਰਤ ਬੰਦ’ ਦੇ ਸੱਦੇ ਨੂੰ ਜ਼ਿਲ੍ਹੇ ਵਿੱਚ ਚੰਗਾ ਹੁੰਗਾਰਾ ਮਿਲਿਆ। ਫ਼ਰੀਦਕੋਟ ਦੇ ਬਾਜ਼ਾਰ, ਵਪਾਰਕ ਅਦਾਰੇ, ਮੰਡੀਆਂ ਅਤੇ ਆਵਾਜਾਈ ਮੁਕੰਮਲ ਤੌਰ ’ਤੇ ਠੱਪ ਰਹੀ। ਕਿਸਾਨਾਂ ਨੇ ਜ਼ਿਲ੍ਹੇ ਵਿੱਚ 12 ਥਾਵਾਂ ’ਤੇ ਧਰਨੇ ਦਿੱਤੇ। ਕਿਸਾਨ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਲਾਲ ਸਿੰਘ ਗੋਲੇਵਾਲਾ, ਚਰਨਜੀਤ ਸਿੰਘ ਸੁੱਖਣਵਾਲਾ ਅਤੇ ਗੁਰਮੀਤ ਸਿੰਘ ਗੋਲੇਵਾਲਾ ਨੇ ਕਿਹਾ ਕਿ ਬੰਦ ਦੇ ਸੱਦੇ ਨੂੰ ਸਾਰੇ ਵਰਗਾਂ ਵੱਲੋਂ ਭਰਪੂਰ ਹੁੰਗਾਰਾ ਮਿਲਿਆ ਹੈ। ਬੰਦ ਦੌਰਾਨ ਨੈਸ਼ਨਲ ਹਾਈਵੇਅ-54 ਪੂਰੀ ਤਰ੍ਹਾਂ ਬੰਦ ਰਿਹਾ ਅਤੇ ਕਿਸਾਨਾਂ ਨੇ ਹਾਈਵੇਅ ਉੱਪਰ ਵੀ ਧਰਨਾ ਦਿੱਤਾ। ਆਮ ਲੋਕ ਅੱਜ ਆਪਣੇ ਕੰਮਾਂ ਕਾਰਾਂ ਲਈ ਵੀ ਸਰਕਾਰੀ ਦਫ਼ਤਰ ਨਹੀਂ ਆਏ। ਜਿਲ੍ਹਾ ਪੁਲੀਸ ਮੁਖੀ ਸਵਰਨਦੀਪ ਸਿੰਘ ਨੇ ਕਿਹਾ ਕਿ ਬੰਦ ਦੇ ਸੱਦੇ ਦੌਰਾਨ ਫ਼ਰੀਦਕੋਟ ਜ਼ਿਲ੍ਹੇ ਵਿੱਚ ਕਿਤੇ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ। ਗਿੱਦੜਬਾਹਾ (ਦਵਿੰਦਰ ਮੋਹਨ ਬੇਦੀ): ‘ਭਾਰਤ ਬੰਦ’ ਦੇ ਸੱਦੇ ਨੂੰ ਗਿੱਦੜਬਾਹਾ ਵਿੱਚ ਭਰਪੂਰ ਸਮਰਥਨ ਮਿਲਿਆ ਜਿਸ ਦੌਰਾਨ ਬਾਜ਼ਾਰ ਬੰਦ ਰਹੇ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਮਾਨਸਾ ਵੱਲੋਂ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਕੋਟਭਾਈ ਦੀ ਅਗਵਾਈ ਹੇਠ ਸਥਾਨਕ ਮਲੋਟ-ਬਠਿੰਡਾ ਰੋਡ ’ਤੇ ਨਿਹਾਲ ਦੇ ਢਾਬੇ ਦੇ ਨਜ਼ਦੀਕ ਧਰਨਾ ਲਗਾਇਆ ਗਿਆ।
ਮੋਗਾ (ਮਹਿੰਦਰ ਸਿੰਘ ਰੱਤੀਆਂ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਕੇਂਦਰ ਸਰਕਾਰ ਵੱਲੋਂ ਅਪਣਾਏ ਤਾਨਾਸ਼ਾਹੀ ਰਵੱਈਏ ਤੇ ਕਾਲੇ ਖੇਤੀ ਕਾਨੂੰਨਾਂ ਦੇ ਇੱਕ ਸਾਲ ਅਤੇ ਕਿਸਾਨ ਅੰਦੋਲਨ ਦੇ 300 ਦਿਨ ਪੂਰੇ ਹੋਣ ’ਤੇ ਭਾਰਤ ਬੰਦ ਨੂੰ ਭਰਵਾਂ ਸਮਰਥਨ ਮਿਲਿਆ। ਨਿੱਜੀ ਸਕੂਲ ਤੇ ਅਦਾਰੇ ਬੰਦ ਰਹੇ ਤੇ ਸਰਕਾਰੀ ਬੈਂਕਾਂ ਤੇ ਅਦਾਰਿਆਂ ’ਚ ਸੁੰਨ ਪਸਰੀ ਰਹੀ। ਇੱਥੇ ਸਵੇਰੇ ਥਾਣਾ ਸਦਰ ਮੁਖੀ ਕਸ਼ਮੀਰ ਸਿੰਘ ਨੇ ਡਗਰੂ ਫ਼ਾਟਕ ਉੱਤੇ ਕਰੀਬ 6.30 ਵਜੇ ਧਰਨਾ ਦੇਣ ਪੁੱਜੇ ਕਿਸਾਨਾਂ ਉੱਤੇ ਪਰਚਾ ਦਰਜ ਕਰਨ ਦੀ ਚਿਤਾਵਨੀ ਦਿੱਤੀ। ਪੁਲੀਸ ਅਧਿਕਾਰੀ ਦੀ ਇਸ ਬੇਰੁਖੀ ਦਾ ਕਿਸਾਨਾਂ ਨੇ ਸ਼ਾਂਤਮਈ ਢੰਗ ਨਾਲ ਵਿਰੋਧ ਕਰ ਕੇ ਜਵਾਬ ਦਿੱਤਾ ਕਿ ਉਹ ਟਕਰਾਅ ਨਹੀਂ ਚਾਹੁੰਦੇ ਉਹ ਆਪਣੇ ਹੱਕਾਂ ਲਈ ਸੜਕਾਂ ’ਤੇ ਆਏ ਹਨ।
ਮੋਗਾ ਮੁੱਖ ਚੌਕ ’ਚ ਕਿਰਤੀ ਕਿਸਾਨ ਯੂਨੀਅਨ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਬੀਕੇਯੂ ਕਾਦੀਆ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ, ਬੀਕੇਯੂ ਖੋਸਾ ਪ੍ਰਧਾਨ ਸੁਖਜਿੰਦਰ ਸਿੰਘ ਖੋਸਾ ਆਦਿ ਦੀ ਅਗਵਾਈ ਹੇਠ ਧਰਨਾ ਦਿੱਤਾ ਗਿਆ। ਇੱਥੇ ਅਡਾਨੀ ਆਧੁਨਿਕ ਪਲਾਂਟ ਅੱਗੇ ਵੀ ਸੜਕ ’ਤੇ ਧਰਨਾ ਦਿੱਤਾ ਗਿਆ। ਬੀਕੇਯੂ (ਏਕਤਾ) ਉਗਰਾਹਾਂ ਵੱਲੋਂ ਬੁੱਟਰ, ਲੁਹਾਰਾ, ਜਵਾਹਰ ਸਿੰਘ ਵਾਲਾ ਚੌਕ, ਨਿਹਾਲ ਸਿੰਘ ਵਾਲਾ, ਟੌਲ ਪਲਾਜਾ ਚੰਦ ਪੁਰਾਣਾ, ਕੋਟ ਈਸੇ ਖਾਂ, ਧਰਮਕੋਟ ਬਾਬਾ ਗੇਂਦੀ ਰਾਮ ਕੋਲ ਕਿਰਤੀ ਕਿਸਾਨ ਯੂਨੀਆਨ ਆਗੂ ਕੁਲਜੀਤ ਸਿੰਘ ਦੀ ਅਗਵਾਈ ਹੇਠ ਧਰਨੇ ਦਿੱਤੇ ਗਏ।
ਜਲਾਲਾਬਾਦ (ਚੰਦਰ ਪ੍ਰਕਾਸ਼ ਕਾਲੜਾ): ਇੱਥੇ ਸ਼ਹਿਰ ਪੂਰਾ ਬੰਦ ਰਿਹਾ। ਸ਼ਹੀਦ ਊਧਮ ਸਿੰਘ ਚੌਕ ’ਤੇ ਭਾਰਤੀ ਕਿਸਾਨ ਏਕਤਾ ਉਗਰਾਹਾਂ ਤੇ ਅਨਾਜ ਮੰਡੀ ਦੇ ਗੇਟ ਅੱਗੇ ਕਿਸਾਨ ਯੂਨੀਅਨ ਕਾਦੀਆ ਵੱਲੋੋਂ ਰੋਸ ਧਰਨਾ ਦਿੱਤਾ ਗਿਆ। ਬੀਐਸਐਫ ਸੈਕਟਰ ਦੇ ਬਾਹਰ ਸੰਯੁਕਤ ਕਿਸਾਨ ਮੋਰਚੇ ਵੱਲੋਂ ਧਰਨਾ ਦਿੱਤਾ ਗਿਆ ਜਦਕਿ ਸ਼੍ਰੀ ਮੁਕਤਸਰ ਸਾਹਿਬ ਰੋਡ ’ਤੇ ਸੈਦੋਕਾ ਨਜ਼ਦੀਕ ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਘਾਂਗਾ ਕਲਾ ਨਜ਼ਦੀਕ ਕਿਸਾਨ ਯੂਨੀਅਨ ਕਾਦੀਆ, ਮਾਹਮੂਜੋਈਆ ਟੌਲ ਪਲਾਜ਼ਾ ਏਕਤਾ ਉਗਰਾਹਾਂ ’ਤੇ ਮੌਜੇ ਵਾਲਾ ਪੁਲ ਨੇੜੇ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਧਰਨਾ ਲਗਾਇਆ ਗਿਆ। ਕੋਟਕਪੂਰਾ (ਟ੍ਰਿਬਿਊਨ ਨਿਊਜ਼ ਸਰਵਿਸ): ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਕੋਟਕਪੂਰਾ ਵੱਲੋਂ ਤਿੰਨ ਕੋਣੀ ਤੇ ਬਲਾਕ ਕੋਟਕਪੂਰਾ ਆਗੂ ਜਸਪ੍ਰੀਤ ਸਿੰਘ ਜੱਸਾ ਕੁਹਾਰਵਾਲਾ, ਹਰਦੇਵ ਸਿੰਘ ਘਣੀਏ ਵਾਲਾਂ ਅਤੇ ਇਸਤਰੀ ਵਿੰਗ ਆਗੂ ਅੰਮ੍ਰਿਤਪਾਲ ਕੌਰ ਹਰੀਨੌਂ ਦੀ ਅਗਵਾਈ ਹੇਠ ਧਰਨਾ ਦਿੱਤਾ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਧਰਮਪਾਲ ਸਿੰਘ ਰੋੜੀਕਪੂਰਾ, ਜ਼ਿਲ੍ਹਾ ਜਨਰਲ ਸਕੱਤਰ ਪ੍ਰਗਟ ਸਿੰਘ ਅਤੇ ਗੋਰਾ ਸਿੰਘ ਹਰੀਨੌਂ ਅਤੇ ਹਰਿੰਦਰ ਸਿੰਘ ਰਵੀ ਮੌੜ ਨੌਂ ਅਬਾਦ ਨੇ ਸੰਬੋਧਨ ਕੀਤਾ। ਕੈਪਸ਼ਨ: