ਖੇਤਰੀ ਪ੍ਰਤੀਨਿਧ
ਬਰਨਾਲਾ, 14 ਦਸੰਬਰ
ਸੇਵਾਵਾਂ ਰੈਗੂਲਰ ਕਰਨ ਦੀ ਮੰਗ ਲਈ ਹੜਤਾਲ ’ਤੇ ਚੱਲ ਰਹੇ ਕੌਮੀ ਸਿਹਤ ਮਿਸ਼ਨ (ਐੱਨਐੱਚਐੱਮ) ਮੁਲਾਜ਼ਮਾਂ ਵੱਲੋਂ ਸਿਵਲ ਹਸਪਤਾਲ ਪਾਰਕ ਵਿੱਚ ਪ੍ਰਦਰਸ਼ਨ ਕਰਦਿਆਂ ਸੂਬਾ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਆਗੂਆਂ ਨੇ ਕਿਹਾ ਕਿ ਚੰਨੀ ਸਰਕਾਰ ‘ਘਰ-ਘਰ ਰੁਜ਼ਗਾਰ’ ਦੇਣ ਅਤੇ ‘ਕੱਚੇ ਕਾਮੇ ਪੱਕੇ ਕਰਨ’ ਦੇ ਵਾਅਦੇ ਤੋਂ ਭੱਜ ਚੁੱਕੀ ਹੈ ਤੇ ਵਾਅਦੇ ਯਾਦ ਕਰਵਾਉਣ ’ਤੇ ਡਾਂਗਾ, ਸੋਟੀਆਂ ਨਾਲ ਨਿਵਾਜ਼ ਰਹੀ ਹੈ। ਉਨ੍ਹਾਂ ਨੇ ਲੰਘੇ ਦਿਨੀਂ ਮਾਨਸਾ ਵਿੱਚ ਬੇਰੁਜ਼ਗਾਰਾਂ ’ਤੇ ਲਾਠੀਚਾਰਜ ਕਰਨ ਵਾਲੇ ਸੀਐੱਮ ਸਕਿਉਰਿਟੀ ’ਚ ਤਾਇਨਾਤ ਡੀਐੱਸਪੀ ਦੀ ਫੌਰੀ ਮੁਅੱਤਲੀ ਤੇ ਉਸ ਖਿਲਾਫ਼ ਪੁਲੀਸ ਪਰਚੇ ਦੀ ਮੰਗ ਕੀਤੀ। ਐੱਨਐੱਚਐੱਮ ਯੂਨੀਅਨ ਦੇ ਜ਼ਿਲ੍ਹਾ ਆਗੂ ਕਮਲਜੀਤ ਕੌਰ ਪੱਤੀ, ਸੰਦੀਪ ਕੌਰ ਸੀਐਚਓ, ਹਰਜੀਤ ਸਿੰਘ, ਮਨਜਿੰਦਰ ਸਿੰਘ ਆਦਿ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਵਿੱਚ ਪਾਸ ਹੋਣ ਦੇ ਬਾਵਜੂਦ ਸਮੁੱਚੇ ਕੱਚੇ ਕਾਮਿਆਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ ਹੈ। ਸਿਹਤ ਮੰਤਰੀ ਓਪੀ ਸੋਨੀ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਉਨ੍ਹਾਂ ਪ੍ਰਤੀ ਬੇਰੁਖੀ ਨੂੰ ਵੀ ਭੰਡਿਆ ਗਿਆ। ਮੰਗ ਕੀਤੀ ਕਿ ਸਾਰੇ ਕੱਚੇ ਮੁਲਾਜ਼ਮਾਂ ਨੂੰ ਬਗੈਰ ਕਿਸੇ ਪ੍ਰੋਵੇਸ਼ਨ ਪੀਰੀਅਡ ਦੇ ਪੂਰੀਆਂ ਤਣਖਾਹਾਂ ਤਹਿਤ ਪੱਕਾ ਕੀਤਾ ਜਾਵੇ।