ਪੱਤਰ ਪ੍ਰੇਰਕ
ਅਬੋਹਰ, 13 ਜਨਵਰੀ
ਥਾਣਾ ਖੂਈਆਂ ਸਰਵਰ ਅਧੀਨ ਆਉਂਦੇ ਇਕ ਪਿੰਡ ਵਾਸੀ ਅਤੇ ਹਾਲ ਆਬਾਦ ਸ੍ਰੀਗੰਗਾਨਗ ਵਾਸੀ ਇਕ ਵਿਆਹੁਤਾ ਨੇ ਉਚ ਅਧਿਕਾਰੀਆਂ ਨੂੰ ਸ਼ਿਕਾਇਤ ਦੇ ਕੇ ਪਿੰਡ ਦੀਵਾਨਖੇੜਾ ਵਾਸੀ ਇਕ ਵਿਅਕਤੀ ’ਤੇ ਚਾਹ ਵਿੱਚ ਨਸ਼ੀਲੀ ਵਸਤੂ ਮਿਲਾ ਕੇ ਜਬਰ ਜਨਾਹ ਕਰਨ ਦੇ ਦੋਸ਼ ਲਗਾਏ ਹਨ। ਪੁਲੀਸ ਨੇ ਮੁਲਜ਼ਮ ਖਿਲਾਫ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਹੈ।
ਜਾਣਕਾਰੀ ਮੁਤਾਬਕ ਵਿਆਹੁਤਾ ਨੇ ਐੱਸਪੀ ਅਤੇ ਐੱਸਐੱਸਪੀ ਨੂੰ ਦਿੱਤੇ ਸ਼ਿਕਾਇਤ ਪੱਤਰ ਵਿੱਚ ਦੱਸਿਆ ਕਿ ਪਿੰਡ ਦੀਵਾਨਖੇੜਾ ਵਾਸੀ ਰਾਜ ਕੁਮਾਰ ਪੁੱਤਰ ਕੇਵਲ ਕ੍ਰਿਸ਼ਨ 29 ਸਤੰਬਰ 2021 ਨੂੰ ਰਾਤ ਨੂੰ ਉਸ ਦੇ ਘਰ ਆਇਆ ਅਤੇ ਉਸ ਨੂੰ ਕਹਿਣ ਲੱਗਾ ਕਿ ਉਸ ਦੇ ਮਾਪਿਆਂ ਨੇ ਉਸ ਨੂੰ ਬੇਦਲਖ ਕਰ ਦਿੱਤਾ ਹੈ। ਉਸ ਨੇ ਰਾਜ ਕੁਮਾਰ ਲਈ ਚਾਹ ਬਣਾਈ ਅਤੇ ਜਦ ਉਹ ਕਮਰੇ ਵਿੱਚੋਂ ਪਾਣੀ ਲੈਣ ਗਈ ਤਾਂ ਰਾਜ ਕੁਮਾਰ ਨੇ ਉਸ ਦੀ ਚਾਹ ਵਿੱਚ ਕੋਈ ਨਸ਼ੀਲੀ ਵਸਤੂ ਮਿਲਾ ਦਿੱਤੀ।
ਨਸ਼ੇ ਦੀ ਹਾਲਤ ਵਿੱਚ ਰਾਜ ਕੁਮਾਰ ਨੇ ਉਸ ਨਾਲ ਬਲਾਤਕਾਰ ਕੀਤਾ। ਉਸ ਨੂੰ ਜਦ ਹੋਸ਼ ਆਇਆ ਤਾਂ ਉਸ ਦੇ ਦੋਵੇਂ ਹੱਥ ਬੰਨ੍ਹੇ ਹੋਏ ਸਨ। ਉਸ ਦੇ ਸ਼ੋਰ ਮਚਾਉਣ ’ਤੇ ਆਲੇ-ਦੁਆਲੇ ਦੇ ਲੋਕਾਂ ਨੇ ਉਸ ਦੇ ਹੱਥ ਖੋਲ੍ਹੇ। ਉੱਚ ਅਧਿਕਾਰੀਆਂ ਦੀ ਜਾਂਚ ਤੋਂ ਬਾਅਦ ਥਾਣਾ ਖੂਈਆਂ ਸਰਵਰ ਪੁਲੀਸ ਨੇ ਰਾਜ ਕੁਮਾਰ ਖਿਲਾਫ ਕੇਸ ਦਰਜ ਕਰ ਲਿਆ ਹੈ। ਮੁਲਸ਼ਮ ਦੀ ਗ੍ਰਿਫਤਾਰੀ ਲਈ ਪੁਲੀਸ ਛਾਪੇ ਮਾਰ ਰਹੀ ਹੈ।