ਪੱਤਰ ਪ੍ਰੇਰਕ
ਭੁੱਚੋ ਮੰਡੀ, 8 ਅਗਸਤ
ਜੀਐੱਚਟੀਪੀ ਠੇਕਾ ਮੁਲਾਜ਼ਮ ਯੂਨੀਅਨ (ਆਜ਼ਾਦ) ਲਹਿਰਾ ਮੁਹੱਬਤ ਦੇ ਬੈਨਰ ਹੇਠ ਆਊਟਸੋਰਸ ਠੇਕਾ ਮੁਲਾਜ਼ਮਾਂ ਨੇ ਥਰਮਲ ਦੇ ਮੁੱਖ ਗੇਟ ਅੱਗੇ ਪਰਿਵਾਰਾਂ ਸਮੇਤ ਰੈਲੀ ਕੀਤੀ ਅਤੇ ਮੁੱਖ ਗੇਟ ਅੱਗੇ ਜਾਮ ਲਾ ਕੇ ਕੇਂਦਰ ਅਤੇ ਪੰਜਾਬ ਸਰਕਾਰ ਦੀ ਅਰਥੀ ਫੂਕੀ। ਉਨ੍ਹਾਂ 15 ਅਗਸਤ ਨੂੰ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ (ਪੰਜਾਬ) ਦੇ ਬੈਨਰ ਹੇਠ ਜ਼ਿਲ੍ਹਾ ਹੈੱਡ ਕੁਆਰਟਰਾਂ ’ਤੇ ਵਿਸ਼ਾਲ ਧਰਨੇ ਦੇ ਕੇ ਆਜ਼ਾਦੀ ਦਿਵਸ ਨੂੰ ‘ਵਿਰੋਧ ਦਿਵਸ’ ਵਜੋਂ ਮਨਾਉਣ ਦਾ ਐਲਾਨ ਕੀਤਾ। ਪ੍ਰਧਾਨ ਜਗਰੂਪ ਸਿੰਘ, ਜਨਰਲ ਸਕੱਤਰ ਜਗਸੀਰ ਸਿੰਘ ਭੰਗੂ, ਸੀਨੀਅਰ ਮੀਤ ਪ੍ਰਧਾਨ ਬਾਦਲ ਸਿੰਘ ਭੁੱਲਰ ਅਤੇ ਮੀਤ ਪ੍ਰਧਾਨ ਬਲਜਿੰਦਰ ਸਿੰਘ ਮਾਨ ਨੇ ਕਿਹਾ ਕਿ ਅੱਜ ਕੇਂਦਰ ਦੀ ਫਾਸ਼ੀਵਾਦੀ ਮੋਦੀ ਹਕੂਮਤ ਪਾਰਲੀਮੈਂਟ ਵਿੱਚ ਨਵੇਂ ਬਿਜਲੀ ਐਕਟ 2022 ਦੇ ਖਰੜੇ ਨੂੰ ਪੇਸ਼ ਕਰਕੇ ਨਿੱਜੀਕਰਨ ਨੂੰ ਹੋਰ ਹੱਲਾ ਦੇ ਰਹੀ ਹੈ ਅਤੇ ਪੰਜਾਬ ਸਰਕਾਰ ਵੀ ਪਾਵਰਕੌਮ ਦੇ ਆਊਟਸੋਰਸ ਠੇਕਾ ਮੁਲਾਜ਼ਮਾਂ ਨੂੰ ਨਜ਼ਰਅੰਦਾਜ਼ ਕਰਕੇ ਪਾਵਰਕੌਮ ਵਿੱਚ 1690 ਸਹਾਇਕ ਲਾਇਨਮੈਨਾਂ ਦੀ ਨਵੀਂ ਸਿੱਧੀ ਭਰਤੀ ਕਰਨ ਦੀ ਤਿਆਰੀ ’ਚ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰੀ ਥਰਮਲ ਪਲਾਂਟਾਂ, ਹਾਈਡਲ ਪ੍ਰੋਜੈਕਟਾਂ, ਗਰਿੱਡਾਂ, ਬਿਜਲੀ ਦਫ਼ਤਰਾਂ ਵਿੱਚ ਪਿਛਲੇ ਲੰਬੇ ਸਮੇਂ ਤੋਂ ਸੇਵਾਵਾਂ ਦੇ ਰਹੇ ਸਮੁੱਚੇ ਆਊਟਸੋਰਸ ਠੇਕਾ ਮੁਲਾਜ਼ਮਾਂ ਨੂੰ ਪਾਵਰਕੌਮ ਵਿੱਚ ਪੱਕਾ ਭਰਤੀ ਕੀਤਾ ਜਾਵੇ।