ਪੱਤਰ ਪ੍ਰੇਰਕ
ਜੈਤੋ, 21 ਸਤੰਬਰ
ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਨੇ ਇੱਥੇ ਯੂਨੀਵਰਸਿਟੀ ਕਾਲਜ ਵਿੱਚ 1158 ਸਹਾਇਕ ਪ੍ਰੋਫੈਸਰਾਂ ਦੀ ਯੂਨੀਅਨ ਦੇ ਕਾਰਕੁਨਾਂ ’ਤੇ ਬੀਤੇ ਦਿਨੀਂ ਬਰਨਾਲਾ ’ਚ ਹੋਏ ਲਾਠੀਚਾਰਜ ਦੇ ਵਿਰੋਧ ’ਚ ਅੱਜ ਰੋਸ ਰੈਲੀ ਕੀਤੀ। ਕਾਲਜ ’ਚ ਹੋਏ ਇਸ ਰੋਸ ਪ੍ਰਦਰਸ਼ਨ ਦੌਰਾਨ ਸੰਬੋਧਨ ਕਰਦਿਆਂ ਪ੍ਰੋਫੈਸਰ ਪ੍ਰਗਟ ਸਿੰਘ, ਵਿਦਿਆਰਥੀ ਆਗੂ ਰਵਿੰਦਰ ਸੇਵੇਵਾਲਾ, ਰਣਜੀਤ ਬਿਸ਼ਨੰਦੀ ਅਤੇ ਧੰਨ ਸਿੰਘ ਨੇ ਕਿਹਾ ਕਿ ਨੌਜਵਾਨਾਂ ’ਤੇ ਜਬਰ ਢਾਹੁਣ ਨਾਲ ਸਰਕਾਰ ਦੇ ‘ਉਚੇਰੀ ਸਿੱਖਿਆ ਬਚਾਉਣ’ ਦੇ ਦਾਅਵਿਆਂ ਦੀ ਥੋਥ ਅਤੇ ਸਰਕਾਰੀ ਕਾਲਜ ਚਲਾਉਣ ਬਾਰੇ ‘ਸੁਹਿਰਦਤਾ’ ਉਜਾਗਰ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਵਤੀਰਾ ਪਿਛਲੀਆਂ ਸਰਕਾਰਾਂ ਵਾਲਾ ਹੀ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰੀ ਕਾਲਜਾਂ ’ਚ ਖਾਲੀ ਪਈਆਂ ਅਧਿਆਪਕਾਂ ਦੀਆਂ ਅਸਾਮੀਆਂ ’ਤੇ ਪੱਕੀ ਭਰਤੀ ਕੀਤੀ ਜਾਵੇ। ਇਸ ਮੌਕੇ ਗਗਨ, ਪਵਨ, ਸਤਨਾਮ, ਮੋਹਿਤ, ਕਰਨ ਸ਼ਰਮਾ, ਹਰਗੁਣ, ਰੀਆ, ਅਨਮੋਲ, ਧਮਨ, ਦੀਪਕ ਆਦਿ ਵਿਦਿਆਰਥੀਆਂ ਨੇ ਵੀ ਸੰਬੋਧਨ ਕੀਤਾ।
ਨਿਹਾਲ ਸਿੰਘ ਵਾਲਾ (ਪੱਤਰ ਪ੍ਰੇਰਕ): ਬਰਨਾਲਾ ਵਿੱਚ ਸਹਾਇਕ ਪ੍ਰੋਫੈਸਰਾਂ ’ਤੇ ਪੁਲੀਸ ਵੱਲੋਂ ਕੀਤੇ ਲਾਠੀਚਾਰਜ ਦੀ ਡੈਮੋਕਰੇਟਿਕ ਟੀਚਰ ਫ਼ਰੰਟ ਨੇ ਨਿਖੇਧੀ ਕੀਤੀ ਹੈ। ਸੂਬਾ ਪ੍ਰਧਾਨ ਦਿਗਵਿਜੈ ਸ਼ਰਮਾ ਅਤੇ ਸੂਬਾ ਸਕੱਤਰ ਸਰਵਣ ਸਿੰਘ ਔਜਲਾ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਵੀ ਅਕਾਲੀ ਤੇ ਕਾਂਗਰਸੀ ਹਕੂਮਤ ਵਾਂਗ ਸੰਘਰਸ਼ ਨੂੰ ਦਬਾਉਣ ’ਤੇ ਤੁਲੀ ਹੋਈ ਹੈ। ਜ਼ਿਲ੍ਹਾ ਆਗੂਆਂ ਜਗਵੀਰਨ ਕੌਰ, ਅਮਨਦੀਪ ਮਟਵਾਣੀ, ਸੁਖਵਿੰਦਰ ਘੋਲੀਆ, ਅਮਨਦੀਪ ਮਾਛੀਕੇ ਤੇ ਮਧੂ ਬਾਲਾ ਆਦਿ ਨੇ ਕਿਹਾ ਕਿ ਇਸ ਗੈਰ ਇਨਸਾਨੀ ਤਸ਼ੱਦਦ ਦਾ ਹਰੇਕ ਜਮਹੂਰੀ ਇਨਸਾਨ ਨੂੰ ਵਿਰੋਧ ਕਰਨਾ ਚਾਹੀਦਾ ਹੈ।
ਤਪਾ ਮੰਡੀ (ਪੱਤਰ ਪ੍ਰੇਰਕ): ਟੈੱਟ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ‘ਆਪ’ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਸਰਕਾਰ ਦਾ ਲੋਕ ਦੋਖੀ ਚਿਹਰਾ ਬੇਨਕਾਬ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਬੇਰੁਜ਼ਗਾਰਾਂ ’ਤੇ ਬੇਤਹਾਸ਼ਾ ਜਬਰ ਕਰ ਕੇ ਪਿਛਲੀਆਂ ਸਰਕਾਰਾਂ ਨੂੰ ਮਾਤ ਪਾ ਦਿੱਤੀ ਹੈ।