ਪੱਤਰ ਪ੍ਰੇਰਕ
ਤਪਾ ਮੰਡੀ, 22 ਅਗਸਤ
ਸੀਟੂ, ਕੁੱਲ ਹਿੰਦ ਕਿਸਾਨ ਸਭਾ ਅਤੇ ਖੇਤ ਮਜ਼ਦੂਰ ਯੂਨੀਅਨ ਦੀਆਂ ਜਥੇਬੰਦੀਆਂ ਨੇ ਲਾਮਬੰਦੀ ਲਈ ਪਿੰਡ ਤਪਾ, ਘੁੰਨਸ, ਢਿੱਲਵਾਂ ਮੌੜ ਨਾਭਾ ਅਤੇ ਚੀਮਾ ਵਿੱਚ ਜਨਤਕ ਰੈਲੀਆਂ ਕੀਤੀਆਂ। ਸੀਟੂ ਦੇ ਸੂਬਾ ਸਕੱਤਰ ਸ਼ੇਰ ਸਿੰਘ, ਕਿਸਾਨ ਸਭਾ ਦੇ ਆਗੂ ਹਰਨੇਕ ਸਿੰਘ ਚੀਮਾ ਅਤੇ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਆਗੂ ਬਲਵੀਰ ਸਿੰਘ ਹੰਡਿਆਇਆ ਨੇ ਮੋਦੀ ਸਰਕਾਰ ਅਤੇ ਇਸ ਦੀਆਂ ਭਾਈਵਾਲ ਪਾਰਟੀਆਂ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਜਾਣੂ ਕਰਵਾਉਂਦਿਆਂ ਮੰਗ ਕੀਤੀ ਕਿ ਮਹਿੰਗਾਈ ਅਤੇ ਬੇਰੁਜ਼ਗਾਰੀ ਵਧਾਉਣ, ਵਾਲੀਆਂ ਨੀਤੀਆਂ ਬੰਦ ਕੀਤੀਆਂ ਜਾਣ। ਡੀਜ਼ਲ- ਪੈਟਰੋਲ, ਰਸੋਈ ਗੈਸ ਅਤੇ ਵਪਾਰਕ ਗੈਸ ਨੂੰ ਜੀਐੱਸਟੀ ਦੇ ਘੇਰੇ ’ਚ ਸ਼ਾਮਲ ਕਰਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ। ਕਰੋਨਾ ਦੌਰਾਨ ਬੇਰੁਜ਼ਗਾਰ ਹੋਏ ਲੋਕਾਂ ਨੂੰ ਮੁੜ ਰੁਜ਼ਗਾਰ ਦਿੱਤਾ ਜਾਵੇ। ਬੇਰੁਜਗਾਰਾਂ ਨੂੰ ਛੇ ਹਜ਼ਾਰ ਪ੍ਰਤੀ ਮਹੀਨਾ ਬੇਰੁਜ਼ਗਾਰੀ ਭੱਤਾ ਅਤੇ ਨਰੇਗਾ ਲਈ ਸਾਲਾਨਾ ਫੰਡ ਵਧਾ ਕੇ ਢਾਈ ਲੱਖ ਕਰੋੜ ਕੀਤਾ ਜਾਵੇ। ਸਾਰੇ ਬੱਚਿਆਂ ਦੀ ਪੜ੍ਹਾਈ ਅਤੇ ਲੋਕਾਂ ਲਈ ਮੁਫ਼ਤ ਇਲਾਜ ਦਾ ਪ੍ਰਬੰਧ ਕੀਤਾ ਜਾਵੇ। ਬੁਲਾਰਿਆਂ ਨੇ ਮੰਗਾਂ ਮਨਵਾਉਣ ਲਈ ਸੰਘਰਸ਼ ਨੂੰ ਤੇਜ਼ ਕਰਨ ਦਾ ਐਲਾਨ ਕੀਤਾ। ਇਸ ਮੌਕੇ ਬਚਿੱਤਰ ਸਿੰਘ, ਸ੍ਰੀ ਰਾਮ, ਨਾਹਰ ਸਿੰਘ ਘੁੰਨਸ, ਲੀਲਾ ਸਿੰਘ ਮੌੜਾਂ ਸਰੂਪ ਸਿੰਘ ਢਿੱਲਵਾਂ ਤੇ ਜਗਤਾਰ ਸਿੰਘ ਚੀਮਾ ਨੇ ਸੰਬੋਧਨ ਕੀਤਾ।