ਪੱਤਰ ਪ੍ਰੇਰਕ
ਮਾਨਸਾ, 11 ਅਗਸਤ
ਅੱਜ ਰੱਖੜੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਮਰਹੂਮ ਪੰਜਾਬੀ ਨੌਜਵਾਨ ਗਾਇਕ ਸਿੱਧੂ ਮੂਸੇਵਾਲਾ ਦੇ ਸਮਾਰਕ ’ਤੇ ਵੱਡੀ ਗਿਣਤੀ ਵਿੱਚ ਲੜਕੀਆਂ ਨੇ ਪਹੁੰਚਕੇ ਸਿੱਧੂ ਮੂਸੇਵਾਲਾ ਦੇ ਗੁੱਟ ’ਤੇ ਰੱਖੜੀ ਸਜਾਈ। ਬੁੱਤ ਦੇ ਗੁੱਟ ਉਤੇ ਰੱਖੜੀ ਸਜਾਉਣ ਵਾਲੀਆਂ ਲੜਕੀਆਂ ਵਿੱਚ ਮੂਸਾ ਅਤੇ ਇਸ ਦੇ ਆਲੇ-ਦੁਆਲੇ ਪਿੰਡਾਂ ਤੋਂ ਇਲਾਵਾ ਅਨੇਕਾਂ ਦੂਰ-ਦੁਰਾਡੇ ਸ਼ਹਿਰਾਂ ਤੋਂ ਆਈਆਂ ਹੋਈਆਂ ਲੜਕੀਆਂ ਸਨ, ਜਿਨ੍ਹਾਂ ਵਿੱਚ ਬਹੁਤੀਆਂ ਉਚ ਯੋਗਤਾ ਪ੍ਰਾਪਤ ਮੁਟਿਆਰਾਂ ਵੀ ਸਨ। ਮੂਸੇਵਾਲਾ ਦੇ ਗੁੱਟ ’ਤੇ ਰੱਖੜੀਆਂ ਸਜਾਉਣ ਵਾਲੇ ਪ੍ਰਸ਼ੰਸਕਾਂ ਦਾ ਕਹਿਣਾ ਹੈ ਕਿ ਬੇਸ਼ੱਕ ਸਿੱਧੂ ਮੂਸੇਵਾਲਾ ਸਾਡੇ ਵਿਚਕਾਰ ਨਹੀਂ ਰਿਹਾ, ਪਰ ਸਿੱਧੂ ਮੂਸੇਵਾਲਾ ਸਦਾ ਲਈ ਦੁਨੀਆਂ ਵਿੱਚ ਅਮਰ ਹੋ ਗਿਆ ਹੈ ਅਤੇ ਉਸ ਦੇ ਜਨਮ ਦਿਨ ਮੌਕੇ ਹਰ ਸਾਲ ਇਸੇ ਤਰ੍ਹਾਂ ਮੇਲੇ ਲੱਗਦੇ ਰਹਿਣਗੇ ਤੇ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਨੂੰ ਆਪਣਾ ਭਰਾ ਸਮਝਕੇ ਅੱਜ ਰੱਖੜੀ ਦੇ ਤਿਉਹਾਰ ’ਤੇ ਉਨ੍ਹਾਂ ਦੇ ਗੁੱਟ ’ਤੇ ਰੱਖੜੀ ਸਜਾਈ ਹੈ। ਮਾਨਸਾ ਜ਼ਿਲ੍ਹੇ ਦੇ ਮੂਸਾ ਪਿੰਡ ਵਿੱਚ ਹਰ ਐਤਵਾਰ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਦੇ ਨਾਲ ਦੁੱਖ ਸਾਂਝਾ ਕਰਨ ਲਈ ਉਨ੍ਹਾਂ ਦੇ ਪ੍ਰਸ਼ੰਸਕ ਦੇਸ਼ ਵਿਦੇਸ਼ ਤੋਂ ਪਹੁੰਚਦੇ ਹਨ। ਅੱਜ ਰੱਖੜੀ ਦੇ ਤਿਉਹਾਰ ਮੌਕੇ ਵੀ ਸਿੱਧੂ ਮੂਸੇਵਾਲਾ ਦੇ ਸਮਾਰਕ ’ਤੇ ਉਨ੍ਹਾਂ ਦੇ ਪ੍ਰਸੰਸਕ ਪਹੁੰਚ ਰਹੇ ਤੇ ਨਾਲ ਹੀ ਲੜਕੀਆਂ ਦੀ ਸਿੱਧੂ ਮੂਸੇਵਾਲਾ ਦੇ ਗੁੱਟ ’ਤੇ ਰੱਖੜੀ ਸਜਾਉਣ ਲਈ ਰੱਖੜੀਆਂ ਲੈ ਕੇ ਪਹੁੰਚੀਆਂ। ਸਿੱਧੂ ਮੂਸੇਵਾਲਾ ਦੇ ਗੁੱਟ ’ਤੇ ਰੱਖੜੀ ਸਜਾਉਣ ਵਾਲੀਆਂ ਲੜਕੀਆਂ ਮਹਿਕਦੀਪ, ਜ਼ਸ਼ਨਪ੍ਰੀਤ, ਅਨਮੋਲ, ਮਨਸੀਰਤ, ਰਿੰਪੀ ਆਦਿ ਨੇ ਕਿਹਾ ਕਿ ਬੇਸ਼ੱਕ ਸਿੱਧੂ ਮੂਸੇਵਾਲਾ ਉਨ੍ਹਾਂ ਵਿਚਕਾਰ ਨਹੀਂ ਰਹੇ, ਪਰ ਉਸ ਦੀਆਂ ਯਾਦਾਂ ਹਮੇਸ਼ਾ ਤਾਜ਼ਾ ਰਹਿਣਗੀਆਂ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਹਰ ਇੱਕ ਭੈਣ ਦਾ ਭਰਾ ਸੀ ਤੇ ਉਹ ਹਰ ਲੜਕੀ ਦਾ ਸਤਿਕਾਰ ਕਰਦਾ ਸੀ।
ਫ਼ਰੀਦਕੋਟ ਕੇਂਦਰੀ ਜੇਲ੍ਹ ’ਚ ਮਨਾਇਆ ਰੱਖੜੀ ਦਾ ਤਿਉਹਾਰ
ਫ਼ਰੀਦਕੋਟ (ਜਸਵੰਤ ਜੱਸ) ਇੱਥੋਂ ਦੀ ਕੇਂਦਰੀ ਮਾਡਰਨ ਜੇਲ੍ਹ ਵਿੱਚ ਰੱਖੜੀ ਦਾ ਤਿਉਹਾਰ ਮਨਾਉਣ ਲਈ ਜੇਲ੍ਹ ਅਧਿਕਾਰੀਆਂ ਨੇ ਵਿਸ਼ੇਸ਼ ਪ੍ਰਬੰਧ ਕਰਕੇ ਜੇਲ੍ਹ ’ਚ ਨਜ਼ਰਬੰਦ ਹਵਾਲਾਤੀਆਂ ਤੇ ਕੈਦੀਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਾਇਆ। ਇਸ ਵੇਲੇ ਫਰੀਦਕੋਟ ਦੀ ਜੇਲ੍ਹ ’ਚ ਕੁੱਲ 2400 ਵਿਅਕਤੀ ਨਜ਼ਰਬੰਦ ਹਨ। ਜੇਲ੍ਹ ਅਧਿਕਾਰੀਆਂ ਨੇ ਦੱਸਿਆ ਕਿ ਅੱਜ ਕਰੀਬ 300 ਹਵਾਲਾਤੀਆਂ ਤੇ ਕੈਦੀਆਂ ਨੂੰ ਰੱਖੜੀਆਂ ਬੰਨ੍ਹਣ ਲਈ ਉਨ੍ਹਾਂ ਦੇ ਪਰਿਵਾਰਕ ਮੈਂਬਰ ਆਏ। ਜਿਨ੍ਹਾਂ ਨੂੰ ਜੇਲ੍ਹ ’ਚ ਇੱਕ ਵਿਸ਼ੇਸ਼ ਥਾਂ ਉੱਪਰ ਇਕੱਠੇ ਕਰਕੇ ਰੱਖੜੀ ਦਾ ਤਿਉਹਾਰ ਮਨਾਉਣ ਦੀ ਇਜਾਜ਼ਤ ਦਿੱਤੀ ਗਈ। ਜੇਲ੍ਹ ਅਧਿਕਾਰੀ ਅਰਪਨਜੋਤ ਸਿੰਘ ਨੇ ਕਿਹਾ ਕਿ ਜੇਲ੍ਹ ਵਿਭਾਗ ਦੇ ਡੀ.ਜੀ.ਪੀ ਤੇ ਪੰਜਾਬ ਸਰਕਾਰ ਵੱਲੋਂ ਰੱਖੜੀ ਦੇ ਤਿਉਹਾਰ ’ਤੇ ਜੇਲ੍ਹ ’ਚ ਨਜ਼ਰਬੰਦ ਵਿਅਕਤੀਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਾਉਣ ਲਈ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ।