ਜਗਜੀਤ ਸਿੱਧੂ
ਤਲਵੰਡੀ ਸਾਬੋ, 1 ਨਵੰਬਰ
ਜੀਆਈਪੀਐੱਲ ਕੰਪਨੀ ਵੱਲੋਂ ਪਾਈ ਜਾ ਰਹੀ ਗੈਸ ਪਾਈਪ ਲਾਈਨ ਨਵਾਂ ਪਿੰਡ ਫਤਹਿਗੜ੍ਹ ਨੌਂ ਆਬਾਦ ਕੋਲੋਂ ਲੰਘਦੇ ਰਜਵਾਹੇ ਦੇ ਹੇਠਿਓਂ ਲੰਘਾਉਣ ਸਮੇਂ ਰਜਵਾਹਾ ਟੁੱਟ ਗਿਆ ਜਿਸ ਕਾਰਨ ਕਈ ਕਿਸਾਨਾਂ ਦੀ ਪੱਕੀ ਨਰਮੇ ਅਤੇ ਝੋਨੇ ਦੇ ਨਾਲ-ਨਾਲ ਅਗਲੀ ਬੀਜੀ ਗਈ ਕਣਕ ਦੀ ਫਸਲ ਦਾ ਨੁਕਸਾਨ ਹੋ ਗਿਆ।
ਰਜਵਾਹਾ ਟੁੱਟਣ ਕਾਰਨ ਨੁਕਸਾਨੀਆਂ ਗਈਆਂ ਫਸਲਾਂ ਦੇ ਮਾਲਕ ਕਿਸਾਨਾਂ ਚਮੌਕਰ ਸਿੰਘ ਨਵਾਂ ਪਿੰਡ, ਗਗਨਦੀਪ ਸਿੰਘ, ਨਸੀਬ ਸਿੰਘ, ਗੁਰਪਾਲ ਸਿੰਘ ਤੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਕਤ ਕੰਪਨੀ ਵੱਲੋਂ ਗੈਸ ਪਾਈਪ ਲਾਈਨ ਪਾਈ ਜਾ ਰਹੀ ਹੈ। ਕੰਪਨੀ ਮੁਲਾਜ਼ਮ ਰਜਵਾਹੇ ਵਿੱਚ ਚਲਦੇ ਪਾਣੀ ਦੌਰਾਨ ਇਹ ਕੰਮ ਕਰ ਰਹੇ ਸਨ ਜਿਸਦੇ ਚੱਲਦਿਆਂ ਉਕਤ ਰਜਵਾਹੇ ਦਾ ਹੇਠਾਂ ਤੋਂ ਬੈੱਡ ਬੈਠ ਗਿਆ। ਇਸ ਕਾਰਨ ਉਨ੍ਹਾਂ ਦੀ ਪੱਕੀ ਅਤੇ ਨਵੀਂ ਬੀਜੀ ਹੋਈ ਫ਼ਸਲ ਦਾ ਨੁਕਸਾਨ ਹੋ ਗਿਆ ਹੈ। ਕਿਸਾਨਾਂ ਨੇ ਕੰਪਨੀ ਕੋਲੋਂ ਮੰਗ ਕੀਤੀ ਹੈ ਕਿ ਨੁਕਸਾਨੀ ਗਈ ਫ਼ਸਲ ਦਾ ਬਣਦਾ ਮੁਆਵਜ਼ਾ ਦਿੱਤਾ ਜਾਵੇ।
ਕੰਪਨੀ ਅਧਿਕਾਰੀ ਰਵਨੀਤ ਸਿੱਧੂ ਨੇ ਦੱਸਿਆ ਕਿ ਟੁੱਟੇ ਸੂਏ ਨੂੰ ਠੀਕ ਕਰਨ ਲਈ ਰਾਹਤ ਟੀਮ ਲੱਗੀ ਹੋਈ ਹੈ। ਕਿਸਾਨਾਂ ਵੱਲੋਂ ਕੀਤੀ ਗਈ ਮੁਆਵਜ਼ੇ ਦੀ ਮੰਗ ਸਬੰਧੀ ਉਨ੍ਹਾਂ ਕਿਹਾ ਕਿ ਕੰਪਨੀ ਦੇ ਉੱਚ ਅਧਿਕਾਰੀ ਆ ਰਹੇ ਹਨ। ਕਿਸਾਨਾਂ ਦਾ ਜੋ ਨੁਕਸਾਨ ਹੋਇਆ ਹੈ ਉਸ ਦੀ ਭਰਪਾਈ ਕੀਤੀ ਜਾਵੇਗੀ। ਨਹਿਰੀ ਵਿਭਾਗ ਦੇ ਜੇਈ ਸਵਰਨ ਸਿੰਘ ਨੇ ਦੱਸਿਆ ਕਿ ਉਕਤ ਕੰਪਨੀ ਕੋਲੋਂ ਪਾਈਪ ਪਾਉਂਦਿਆਂ ਜਿੱਥੇ ਰਜਵਾਹੇ ਦਾ ਨੁਕਸਾਨ ਹੋਇਆ ਹੈ, ਉੱਥੇ ਕਿਸਾਨਾਂ ਦੀ ਫਸਲ ਵੀ ਨੁਕਸਾਨੀ ਗਈ ਹੈ। ਉਨ੍ਹਾਂ ਕਿਹਾ ਕਿ ਉਕਤ ਕੰਪਨੀ ਨੇ ਮਹਿਕਮੇ ਤੋਂ ਮਨਜ਼ੂਰੀ ਲਈ ਹੋਈ ਸੀ। ਉਨ੍ਹਾਂ ਦੱਸਿਆ ਕਿ ਜੇਸੀਬੀ ਮਸ਼ੀਨਾਂ ਨਾਲ ਟੁੱਟੇ ਰਜਵਾਹੇ ਨੂੰ ਬੰਦ ਕਰ ਦਿੱਤਾ ਗਿਆ ਹੈ।