ਪੱਤਰ ਪ੍ਰੇਰਕ
ਫਤਹਿਗੜ੍ਹ ਪੰਜਤੂਰ, 14 ਅਕਤੂਬਰ
ਇਥੋਂ ਦੇ ਸਰਕਾਰੀ ਰਾਜੀਵ ਗਾਂਧੀ ਭਵਨ ਦੀ ਹਾਲਤ ਦਿਨੋ ਦਿਨ ਬਦਤਰ ਬਣਦੀ ਜਾ ਰਹੀ ਹੈ। ਤਤਕਾਲੀ ਅਕਾਲੀ ਭਾਜਪਾ ਰਾਜ ਕਾਲ ਦੌਰਾਨ ਉਕਤ ਰਾਜੀਵ ਗਾਂਧੀ ਭਵਨ ਨੂੰ ਉਸਾਰਿਆ ਗਿਆ ਸੀ ।ਸਾਬਕਾ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਦੇ ਯਤਨਾਂ ਨਾਲ ਇੱਥੇ ਡੇਢ ਕਰੋੜ ਦੀ ਰਾਸ਼ੀ ਨਾਲ ਸਰਕਾਰੀ ਹਸਪਤਾਲ ਦਾ ਨਿਰਮਾਣ ਕੀਤਾ ਗਿਆ ਸੀ। ਇਸ ਤੋਂ ਇਲਾਵਾ ਭਵਨ ਦੇ ਕੰਪਲੈਕਸ ਵਿੱਚ ਸਹਿਕਾਰੀ ਖੇਤੀਬਾੜੀ ਸਭਾ ਦਾ ਦਫ਼ਤਰ, ਸੇਵਾ ਕੇਂਦਰ,ਡਾਕਘਰ, ਪਟਵਾਰਖਾਨਾ ਅਤੇ ਨਗਰ ਪੰਚਾਇਤ ਦੇ ਪੁਰਾਣੇ ਦਫ਼ਤਰ ਤੋਂ ਇਲਾਵਾ ਨਾਨਕਸਰ ਸੰਪਰਦਾਇ ਦਾ ਧਾਰਮਿਕ ਸਥਾਨ ਵੀ ਸਥਾਪਤ ਹੈ। ਕੰਪਲੈਕਸ ਦੀ ਚਾਰਦੀਵਾਰੀ ਢਹਿ ਢੇਰੀ ਹੋਣੀ ਸ਼ੁਰੂ ਹੋ ਗਈ ਹੈ। ਇਸ ਕਾਰਨ ਇੱਥੇ ਆਵਾਰਾ ਕੁੱਤਿਆਂ ਤੇ ਜਾਨਵਰਾਂ ਦਾ ਜਮਘਟਾ ਲੱਗਾ ਰਹਿੰਦਾ ਹੈ। ਕੰਪਲੈਕਸ ਅੰਦਰ ਪਾਣੀ ਭਰ ਜਾਂਦਾ ਹੈ। ਖੇਤੀਬਾੜੀ ਵਿਭਾਗ ਦੇ ਸਾਬਕਾ ਅਧਿਕਾਰੀ ਅਤੇ ਹੁਣ ਸਮਾਜਿਕ ਅਤੇ ਧਾਰਮਿਕ ਕਾਰਜਾਂ ਵਿੱਚ ਹਿੱਸਾ ਲੈ ਰਹੇ ਡਾ ਦਰਸ਼ਨ ਸਿੰਘ ਨੇ ਦੱਸਿਆ ਕਿ ਇਸ ਰਾਜੀਵ ਗਾਂਧੀ ਭਵਨ ਨੂੰ ਲੋਕਲ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਪੂਰੀ ਤਰ੍ਹਾਂ ਅੱਖੋਂ ਪਰੋਖੇ ਕੀਤਾ ਹੋਇਆ ਹੈ। ਸਭ ਤੋਂ ਵੱਡੀ ਸਮੱਸਿਆ ਇੱਥੇ ਪਾਣੀ ਦੀ ਨਿਕਾਸੀ ਦਾ ਨਾ ਹੋਣਾ ਹੈ। ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਕੰਪਲੈਕਸ ਦੀ ਦੇਖਭਾਲ ਲਈ ਤੁਰੰਤ ਲੋੜੀਂਦੇ ਕਦਮ ਚੁੱਕੇ ਜਾਣ।