ਪੱਤਰ ਪ੍ਰੇਰਕ
ਗਿੱਦੜਬਾਹਾ, 14 ਦਸੰਬਰ
ਵਾਰਡ ਨੰਬਰ-19 ਰੂਪ ਨਗਰ ਦੀ ਮੁੱਖ ਗਲੀ ਵਿਚ ਚੱਲ ਰਹੇ ਇੰਟਰਲੌਕਿੰਗ ਟਾਈਲਾਂ ਦੇ ਕੰਮ ਨੂੰ ਅਦਾਲਤ ਦੇ ਹੁਕਮਾਂ ਤੋਂ ਬਾਅਦ ਰੋਕ ਦਿੱਤਾ ਗਿਆ ਸੀ ਪਰ ਹੁਣ ਉਕਤ ਗਲੀ ਦਾ ਕੁੱਝ ਹਿੱਸਾ ਛੱਡ ਕੇ ਨਵੇਂ ਟੈਂਡਰ ਪਾਸ ਕਰਨ ਉਪਰੰਤ ਟਾਈਲਾਂ ਲਗਾਉਣ ਦਾ ਕੰਮ ਮੁੜ ਸ਼ੁਰੂ ਕਰ ਦਿੱਤਾ ਹੈ, ਜਿਸ ਕਾਰਨ ਗਲੀ ਦਾ ਕਰੀਬ 70-80 ਫੁੱਟ ਹਿੱਸਾ ਵਿਚਕਾਰੋਂ ਨੀਵਾਂ ਰਹਿ ਗਿਆ ਹੈ। ਇਸ ਮੌਕੇ ਐਡਵੋਕੇਟ ਨਿਰੰਜਨ ਸਿੰਘ ਅਤੇ ਰਾਜ ਕੁਮਾਰ ਸਿੰਗਲਾ ਆਦਿ ਨੇ ਦੱਸਿਆ ਕਿ ਨਗਰ ਕੌਂਸਲ ਅਤੇ ਸਬੰਧਤ ਠੇਕੇਦਾਰ ਵੱਲੋਂ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰਦੇ ਹੋਏ ਬਿਨਾਂ ਸੀਸੀ ਫਲੋਰਿੰਗ ਵਾਲੀ ਸੜਕ ਨੂੰ ਬਿਨਾਂ ਪੁੱਟੇ ਸਿੱਧੇ ਹੀ ਘੱਗਰ ਸੇਨ ਵਿਛਾ ਕੇ ਉਸ ਉਪਰ ਇੰਟਰਲੌਕਿੰਗ ਟਾਈਲਾਂ ਲਗਾਈਆਂ ਜਾ ਰਹੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਗਲੀ ਦੇ ਪਹਿਲੇ ਨਿਰਮਾਣ ਕਾਰਜ ਨੂੰ ਅਦਾਲਤ ਦੇ ਆਦੇਸ਼ਾਂ ਅਨੁਸਾਰ ਪੂਰਾ ਕੀਤਾ ਜਾਵੇ।
ਕੀ ਕਹਿੰਦੇ ਨੇ ਅਧਿਕਾਰੀ
ਇਸ ਸਬੰਧੀ ਕੌਂਸਲਰ ਦੀਪਕ ਗਰਗ ਨੇ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਕਾਨੂੰਨ ਦੀ ਕੋਈ ਉਲੰਘਣਾ ਨਹੀਂ ਕੀਤੀ ਗਈ, ਜਿੱਥੋਂ ਤੱਕ ਗਲੀ ਵਿਚ ਅੱਗੇ ਨਿਰਮਾਣ ਕਾਰਜ ਦਾ ਸਵਾਲ ਹੈ, ਉਸ ਸਬੰਧੀ ਨਵਾਂ ਟੈਂਡਰ ਅਲਾਟ ਕੀਤਾ ਗਿਆ ਸੀ ਅਤੇ ਹੁਣ ਕੰਮ ਚੱਲ ਰਿਹਾ ਹੈ। ਇਸ ਸਬੰਧੀ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਜਗਸੀਰ ਸਿੰਘ ਧਾਲੀਵਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਜਾਂਚ ਲਈ ਜੇਈ ਨੂੰ ਮੌਕੇ ’ਤੇ ਭੇਜ ਰਹੇ ਹਨ।