ਨਿੱਜੀ ਪੱਤਰ ਪ੍ਰੇਰਕ
ਬਰਨਾਲਾ, 9 ਅਕਤੂਬਰ
ਐੱਸਡੀ ਕਾਲਜ ਵਿੱਚ ਦੋ ਰੋਜ਼ਾ ਪੰਜਾਬੀ ਯੂਨੀਵਰਸਿਟੀ ਅੰਤਰ ਕਾਲਜ ਸ਼ਤਰੰਜ ਮੁਕਾਬਲੇ (ਲੜਕੇ-ਲੜਕੀਆਂ) ਸਮਾਪਤ ਹੋ ਗਏ ਹਨ। ਲੜਕੀਆਂ ਦੇ ਵਰਗ ਵਿਚ ਐੱਸਡੀ ਕਾਲਜ ਦੀ ਟੀਮ ਚੈਂਪੀਅਨ ਬਣੀ। ਗੁਰੂ ਨਾਨਕ ਕਾਲਜ ਬੁਢਲਾਡਾ ਨੂੰ ਦੂਜਾ ਅਤੇ ਯੂਨੀਵਰਸਿਟੀ ਕੈਂਪਸ ਨੂੰ ਤੀਜਾ ਸਥਾਨ ਮਿਲਿਆ। ਲੜਕਿਆਂ ਦੇ ਵਰਗ ’ਚ ਗੁਰੂ ਨਾਨਕ ਕਾਲਜ ਬੁਢਲਾਡਾ ਨੇ ਬਾਜ਼ੀ ਮਾਰੀ ਜਦਕਿ ਮਾਤਾ ਗੁਜਰੀ ਕਾਲਜ ਫ਼ਤਿਹਗੜ੍ਹ ਸਾਹਿਬ ਨੂੰ ਦੂਜਾ ਅਤੇ ਸ਼ਿਵਾਲਕ ਕਾਲਜ ਨੰਗਲ ਦੀ ਟੀਮ ਨੂੰ ਤੀਜਾ ਸਥਾਨ ਮਿਲਿਆ। ਜੇਤੂਆਂ ਨੂੰ ਇਨਾਮ ਵੰਡਣ ਦੀ ਰਸਮ ਐੱਸਡੀ ਕਾਲਜ ਐਜੂਕੇਸ਼ਨਲ ਸੁਸਾਇਟੀ ਦੇ ਪ੍ਰਧਾਨ ਡਾ. ਅਨੀਸ਼ ਪ੍ਰਕਾਸ਼ ਨੇ ਅਦਾ ਕੀਤੀ। ਪਹਿਲੇ ਦਿਨ ਕਾਲਜ ਪ੍ਰਬੰਧਕ ਕਮੇਟੀ ਦੇ ਵਿੱਤ ਸਕੱਤਰ ਡਾ. ਮੁਕੰਦ ਲਾਲ ਬਾਂਸਲ ਨੇ ਸ਼ਤਰੰਜ ਦੀ ਪਹਿਲੀ ਚਾਲ ਚੱਲ ਕੇ ਇਨ੍ਹਾਂ ਮੁਕਾਬਲਿਆਂ ਦਾ ਰਸਮੀ ਆਗ਼ਾਜ਼ ਕੀਤਾ। ਉਨ੍ਹਾਂ ਜੇਤੂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਬਾਕੀ ਖਿਡਾਰੀਆਂ ਨੂੰ ਵੀ ਖੇਡ ਭਾਵਨਾ ਨਾਲ ਟੂਰਨਾਮੈਂਟ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਖੇਡ ਵਿਭਾਗ ਦੇ ਮੁਖੀ ਡਾ. ਬਹਾਦਰ ਸਿੰਘ ਅਤੇ ਪ੍ਰੋ. ਜਸਵਿੰਦਰ ਕੌਰ ਦੀ ਦੇਖ-ਰੇਖ ਵਿਚ ਹੋਏ ਇਹਨਾਂ ਮੁਕਾਬਲਿਆਂ ਵਿਚ ਪੰਜਾਬੀ ਯੂਨੀਵਰਸਿਟੀ ਨਾਲ ਸਬੰਧਿਤ 22 ਕਾਲਜਾਂ ਦੇ ਲੜਕੇ-ਲੜਕੀਆਂ ਦੀਆਂ ਟੀਮਾਂ ਨੇ ਹਿੱਸਾ ਲਿਆ।
ਇਸ ਦੌਰਾਨ ਮੁੱਖ ਮਹਿਮਾਨ ਦਾ ਸਵਾਗਤ ਕਰਦਿਆਂ ਕਾਲਜ ਪ੍ਰਿੰਸੀਪਲ ਡਾ. ਰਮਾ ਸ਼ਰਮਾ ਨੇ ਉਮੀਦ ਜਤਾਈ ਕਿ ਭਵਿੱਖ ਵਿਚ ਵੀ ਖੇਡ ਵਿਭਾਗ ਇਸੇ ਤਰ੍ਹਾਂ ਯੂਨੀਵਰਸਿਟੀ ਅਤੇ ਰਾਜ ਪੱਧਰ ’ਤੇ ਸਰਗਰਮ ਰਹੇਗਾ। ਮੁਕਾਬਲੇ ਦੇ ਪ੍ਰਬੰਧਕੀ ਸਕੱਤਰ ਡਾ. ਬਹਾਦਰ ਸਿੰਘ ਨੇ ਧੰਨਵਾਦੀ ਸ਼ਬਦ ਕਹੇ। ਸਟੇਜ ਸੰਚਾਲਨ ਪ੍ਰੋ. ਜਸਵਿੰਦਰ ਕੌਰ ਨੇ ਕੀਤਾ।