ਜੋਗਿੰਦਰ ਸਿੰਘ ਮਾਨ
ਮਾਨਸਾ, 2 ਜੂਨ
ਕਰੋਨਾਵਾਇਰਸ ਦੇ ਵੱਧ ਰਹੇ ਪ੍ਰਭਾਵ ਕਾਰਨ ਜਦੋਂ ਪੰਜਾਬ ਸਰਕਾਰ ਕਾਲਜ, ਸਿਨੇਮਾ, ਜਿੰਮ, ਮਾਲ ਅਤੇ ਹੋਰ ਇਕੱਠਾਂ ਵਾਲੀਆਂ ਥਾਵਾਂ ਉਪਰ ਬੰਦਿਸ਼ ਲਾ ਦਿੱਤੀ ਹੈ ਤਾਂ ਇਸ ਦਾ ਖਮਿਆਜ਼ਾ ਪ੍ਰਾਈਵੇਟ ਬੱਸ ਅਪਰੇਟਰਾਂ ਸਮੇਤ ਪੈਪਸੂ ਰੋਡਵੇਜ਼ ਟਰਾਂਸਪੋਰਟ ਅਤੇ ਪੰਜਾਬ ਰੋਡਵੇਜ਼ ਨੂੰ ਵੀ ਭੁਗਤਣਾ ਪੈਣ ਲੱਗਿਆ ਹੈ। ਬੱਸਾਂ ਵਿੱਚ ਸਵਾਰੀਆਂ ਦੀ ਗਿਣਤੀ ਲਗਾਤਾਰ ਘਟਣ ਲੱਗੀ ਹੈ ਅਤੇ ਸਰਕਾਰ ਵੱਲੋਂ ਅੱਧੀਆਂ ਸਵਾਰੀਆਂ ਦੀ ਬੰਦਸ਼ ਕਾਰਨ ਬੱਸਾਂ ਵਾਲਿਆਂ ਦਾ ਘਾਟਾ ਪੈ ਰਿਹਾ ਹੈ। ਏਸੀ ਬੱਸਾਂ ਦਾ ਹਾਲ ਹੋਰ ਵੀ ਮਾੜਾ ਹੋਣ ਲੱਗਿਆ ਹੈ, ਜਿਨ੍ਹਾਂ ਵਿੱਚ ਸਫ਼ਰ ਕਰਨ ਤੋਂ ਆਮ ਸਵਾਰੀ ਗੁਰੇਜ਼ ਕਰਨ ਲੱਗੀ ਹੈ। ਪ੍ਰਾਈਵੇਟ ਬੱਸਾਂ ਵਾਲਿਆਂ ਦਾ ਕਹਿਣਾ ਹੈ ਕਿ ਉਹ ਪਹਿਲਾਂ ਹੀ ਡੀਜ਼ਲ ਅਤੇ ਹੋਰ ਮਹਿੰਗਾਈ ਦੀ ਮਾਰ ਹੇਠ ਹਨ ਅਤੇ ਹੁਣ ਕਰੋਨਾ ਦੇ ਡਰ ਨੇ ਉਨ੍ਹਾਂ ਦਾ ਧੰਦਾ ਚੌਪਟ ਕਰ ਦਿੱਤਾ ਹੈ, ਜਦੋਂ ਕਿ ਕਈ ਰੂਟਾਂ ਉਪਰ ਬੱਸਾਂ ਵਾਲਿਆਂ ਨੇ ਹੱਥ ਖੜ੍ਹੇ ਕਰ ਦਿੱਤੇ ਹਨ।
ਜ਼ਿਕਰਯੋਗ ਹੈ ਕਿ ਮਾਲਵਾ ਪੱਟੀ ਵਿਚ ਅਨੇਕਾਂ ਵੱਡੀਆਂ ਬੱਸ ਕੰਪਨੀਆਂ ਹਨ, ਜਿਨ੍ਹਾਂ ਵਲੋਂ ਰਾਜ ਦੇ ਵੱਖ-ਵੱਖ ਹਿੱਸਿਆਂ ਵਿਚ ਬੱਸਾਂ ਨੂੰ ਚਲਾਇਆ ਜਾਂਦਾ ਹੈ। ਪਿਛਲੇ 50 ਸਾਲਾਂ ਤੋਂ ਟਰਾਂਸਪੋਰਟ ਨਾਲ ਜੁੜੇ ਪੀੜ੍ਹੀ ਦਰ ਪੀੜ੍ਹੀ ਪਰਿਵਾਰਾਂ ਨੇ ਪਹਿਲਾਂ ਹੀ ਸਰਕਾਰੀ ਨੀਤੀਆਂ ਦਾ ਸ਼ਿਕਾਰ ਹੋ ਕੇ ਬੱਸ ਚਲਾਉਣ ਤੋਂ ਤੌਬਾ ਕੀਤੀ ਹੋਈ ਹੈ ਅਤੇ ਹੁਣ ਕਰੋਨਾਵਾਇਰਸ ਦੀ ਮਾਰ ਨੇ ਟਰਾਂਸਪੋਰਟਰਾਂ ਨੂੰ ਕਸੂਤਾ ਫਸਾ ਦਿੱਤਾ ਹੈ। ਪੀ.ਆਰ.ਟੀ.ਸੀ ਦੇ ਇੱਕ ਇੰਸਪੈਕਟਰ ਮਹਿੰਦਰ ਸਿੰਘ ਨੇ ਦੱਸਿਆ ਕਿ ਕਰੋਨਾ ਦੇ ਡਰ ਕਾਰਨ ਬੱਸਾਂ ਵਿੱਚ ਸਵਾਰੀਆਂ ਦੀ ਗਿਣਤੀ ਘਟਣ ਲੱਗੀ ਹੈ। ਉਪਰੋਂ ਅੱਧੀਆਂ ਸਵਾਰੀਆਂ ਦੇ ਨਿਯਮ ਕਾਰਨ ਘਰ ਫੂਕ ਤਮਾਸ਼ਾ ਵੇਖਣ ਵਾਲੀ ਗੱਲ ਹੋ ਜਾਂਦੀ ਹੈ। ਉਧਰ ਮਾਨਸਾ ਦੇ ਪ੍ਰਾਈਵੇਟ ਬੱਸ ਅਪਰੇਟਰਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਟੈਕਸ ਵਿੱਚ ਰਾਹਤ ਦਿੱਤੀ ਜਾਵੇ। ਜ਼ਿਲ੍ਹਾ ਪ੍ਰਾਈਵੇਟ ਬੱਸ ਅਪਰੇਟਰ ਯੂਨੀਅਨ ਦੇ ਸਰਪ੍ਰਸਤ ਤੇਜਾ ਸਿੰਘ ਪੱਖੋ, ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਅਮਰਜੀਤ ਸਿੰਘ ਅਤੇ ਮਾਲਵਾ ਬੱਸ ਅਪਰੇਟਰ ਯੂਨੀਅਨ ਦੇ ਪ੍ਰਧਾਨ ਬਲਤੇਜ਼ ਸਿੰਘ ਵਾਂਦਰ ਨੇ ਦੱਸਿਆ ਕਿ ਬੱਸ ਵਿੱਚ ਅੱਧੀਆਂ ਸਵਾਰੀਆਂ ਦੇ ਨਿਯਮ ਲਾਗੂ ਹੋਣ ਨਾਲ ਡੀਜ਼ਲ ਦਾ ਮਹਿੰਗਾ ਹੋਇਆ ਖਰਚਾ ਵੀ ਨਹੀਂ ਮੁੜਦਾ।