ਜੋਗਿੰਦਰ ਸਿੰਘ ਮਾਨ
ਮਾਨਸਾ, 24 ਜੁਲਾਈ
ਬਾਬਾ ਖਵਾਜਾ ਪੀਰ ਦੀ ਮੂਰਤੀ ਢਹਾਉਣ ਅਤੇ ਰਵਾਇਤੀ ਖੂਹ ’ਚ ਗੰਦਾ ਪਾਣੀ ਪਾਉਣ ਖਿਲਾਫ਼ ਅੱਜ ਚੁਗਲੀ ਘਰ ਚੌਕ ਕੋਲ ਇਨਕਲਾਬੀ ਨੌਜਵਾਨ ਸਭਾ ਅਤੇ ਵਿਰਾਸਤੀ ਖੂਹ ਬਚਾਓ ਸੰਘਰਸ਼ ਕਮੇਟੀ ਮਾਨਸਾ ਦੀ ਅਗਵਾਈ ਵਿੱਚ ਮੁਹੱਲਾ ਨਿਵਾਸੀਆਂ ਵੱਲੋਂ ਰੋਸ ਧਰਨਾ ਦਿੱਤਾ ਗਿਆ। ਧਰਨਾਕਾਰੀਆਂ ਵੱਲੋਂ ਸ਼ਰਾਰਤੀ ਅਨਸਰਾਂ ’ਤੇ ਕਾਰਵਾਈ ਕਰਵਾਉਣ ਲਈ ਬਾਰਾ ਹੱਟਾਂ ਚੌਕ ਤੱਕ ਰੋਸ ਮਾਰਚ ਕੀਤਾ ਗਿਆ।
ਧਰਨੇ ਨੂੰ ਸੰਬੋਧਨ ਕਰਦਿਆਂ ਇਨਕਲਾਬੀ ਨੌਜਵਾਨ ਸਭਾ ਦੇ ਸੂਬਾ ਆਗੂ ਵਿੰਦਰ ਅਲਖ, ਪੰਜਾਬ ਕਿਸਾਨ ਯੂਨੀਅਨ ਦੇ ਮੱਖਣ ਸਿੰਘ ਅਤੇ ਸੰਘਰਸ਼ ਕਮੇਟੀ ਦੇ ਸੁਖਜੀਤ ਸਿੰਘ ਨੇ ਕਿਹਾ ਕਿ ਜਿਸ ਜਗ੍ਹਾ ’ਤੇ ਖੂਹ ਦਾ ਆਲਾ-ਦੁਆਲਾ ਪੱਕਾ ਕਰ ਕੇ ਬਾਬਾ ਖੁਆਜਾ ਪੀਰ ਦੀ ਮੂਰਤੀ ਮੁਹੱਲਾ ਨਿਵਾਸੀਆਂ ਵੱਲੋਂ ਲਗਾਈ ਗਈ ਹੈ, ਉਸ ਜਗ੍ਹਾ ’ਤੇ ਪਹਿਲਾਂ ਖੂਹ ਤੇ ਪੁਰਾਣੀ ਇਮਾਰਤ ਬਣੀ ਹੋਈ ਸੀ। ਉਨ੍ਹਾਂ ਕਿਹਾ ਕਿ ਸਾਲ 2016 ਵਿੱਚ ਵੱਡੇ ਮੀਂਹ ਕਾਰਨ ਇਮਾਰਤ ਢਹਿ-ਢੇਰੀ ਹੋ ਗਈ ਸੀ ਅਤੇ ਮੁਹੱਲਾ ਨਿਵਾਸੀਆਂ ਨੇ ਖੂਹ ਵਿੱਚੋਂ ਕਚਰਾ ਪਲਾਸਟਿਕ ਕੱਢ ਕੇ ਪਾਣੀ ਨੂੰ ਸਾਫ-ਸੁਥਰਾ ਕਰ ਲਿਆ। ਉਨ੍ਹਾਂ ਦੱਸਿਆ ਕਿ ਇੱਥੇ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ ਇਸ ਲਈ ਇਸ ਜਗ੍ਹਾ ਉਪਰ ਵਿਰਾਸਤੀ ਖੂਹ ਦੀ ਨਕਲ ’ਚ ਇਮਾਰਤ ਬਣਾ ਕੇ ਬਾਬਾ ਖੁਆਜਾ ਪੀਰ ਦੀ ਮੂਰਤੀ ਲਗਾਈ ਗਈ ਹੈ ਪਰ ਕੁਝ ਸ਼ਰਾਰਤੀ ਅਨਸਰ ਇਸ ਜਗ੍ਹਾ ’ਤੇ ਦੁਕਾਨਾਂ ਬਣਾਉਣ ਜਾਂ ਹੋਰ ਨਿੱਜੀ ਸੁਆਰਥਾਂ ਲਈ ਵਰਤਣਾ ਚਾਹੁੰਦੇ ਹਨ ਅਤੇ ਵਾਰ-ਵਾਰ ਮੂਰਤੀ ਢਾਹੁਣ ਦੀਆਂ ਕੋਝੀਆਂ ਚਾਲਾਂ ਚੱਲ ਰਹੇ ਹਨ।
ਉਨ੍ਹਾਂ ਮੰਗ ਕੀਤੀ ਕਿ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਸ਼ਰਾਰਤੀ ਅਨਸਰਾਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਇਮਾਰਤ ਨੂੰ ਢਹਿਣ ਨਹੀਂ ਦਿੱਤਾ ਜਾਵੇਗਾ ਇਸ ਦੇ ਬਚਾਅ ਲਈ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਗਗਨਦੀਪ ਸਿੰਘ, ਪਾਲੀ ਸਿੰਘ, ਬਿੱਟੂ ਖਾਨ, ਜਸਵਿੰਦਰ ਕੌਰ ਤੇ ਭਿੰਦਰ ਕੌਰ ਨੇ ਵੀ ਸੰਬੋਧਨ ਕੀਤਾ।
ਅੱਜ ਦੇ ਧਰਨੇ ਵਿੱਚ ਸ਼ਾਮਲ ਹੋਏ ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂ ਅਤੇ ਸਾਬਕਾ ਸੰਸਦੀ ਮੈਂਬਰ ਜਗਦੀਪ ਸਿੰਘ ਨਕੱਈ ਨੇ ਖੂਹ ਦੀ ਹੋਂਦ ਮਿਟਾਉਣ ਲਈ ਕੋਸ਼ਿਸ਼ ਕਰਨ ਵਾਲਿਆਂ ਖਿਲਾਫ਼ ਕਾਰਵਾਈ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।