ਨਵਕਿਰਨ ਸਿੰਘ
ਮਹਿਲ ਕਲਾਂ, 16 ਦਸੰਬਰ
ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਜਿੱਤਣ ਬਾਅਦ ਟੋਲ ਪਲਾਜ਼ਿਆਂ ਦੇ ਪੁਰਾਣੇ ਰੇਟ ਬਹਾਲ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਵੱਲੋਂ ਮਹਿਲ ਕਲਾਂ ਟੌਲ ਪਲਾਜ਼ਾ ਅੱਗੇ ਲਾਇਆ ਕਿਸਾਨਾਂ ਦਾ ਪੱਕਾ ਧਰਨਾ ਅੱਜ 442ਵੇਂ ਦਿਨ ਵੀ ਜਾਰੀ ਰਿਹਾ।ਇਸ ਮੌਕੇ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਜਗਰਾਜ ਹਰਦਾਸਪੁਰਾ, ਮਲਕੀਤ ਈਨਾ, ਗੁਰਮੇਲ ਠੁੱਲੀਵਾਲ, ਅਮਰਜੀਤ ਸਿੰਘ ਠੁੱਲੀਵਾਲ, ਸੋਹਣ ਸਿੰਘ ਮਹਿਲ ਕਲਾਂ ਤੇ ਸੁਖਦੇਵ ਸਿੰਘ ਕੁਰੜ ਨੇ ਕਿਹਾ ਕਿ ਕੇਂਦਰੀ ਹਕੂਮਤ ਦੇ ਇਸ਼ਾਰੇ ਤਹਿਤ ਟੌਲ ਪਲਾਜ਼ਾ ਚਲਾ ਰਹੀਆਂ ਕੰਪਨੀਆਂ ਟੌਲ ਪਲਾਜ਼ਿਆਂ ’ਤੇ ਰੇਟ ਵਧਾ ਕੇ ਸਿਰੜੀ ਸੰਘਰਸ਼ ਰਾਹੀਂ ਹਾਸਲ ਕੀਤੀ ਜਿੱਤ ਨੂੰ ਫਿੱਕਾ ਪਾਉਣਾ ਚਾਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਇੱਕ ਪਾਸੇ ਸਰਕਾਰ ਹਰ ਨਵਾਂ ਸਾਧਨ ਖਰੀਦਣ ਵੇਲੇ 9 ਫੀਸਦ ਦੇ ਕਰੀਬ ਰੋਡ ਟੈਕਸ ਵਸੂਲ ਕੇ ਕਰੋੜਾਂ ਰੁਪਏ ਟੈਕਸ ਵਜੋਂ ਵਸੂਲਦੀ ਹੈ ਤੇ ਦੂਜੇ ਪਾਸੇ ਵਪਾਰਕ ਘਰਾਣਿਆਂ ਨੂੰ ਮੁਨਾਫੇ ਬਖਸ਼ਣ ਲਈ ਟੌਲ ਟੈਕਸਾਂ ’ਤੇ ਲੱਗਣ ਵਾਲਾ ‘ਜਜੀਆ’ ਦੁੱਗਣਾ ਕਰ ਦਿੱਤਾ ਹੈ ਜਿਸ ਨੂੰ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਉਹ ਅਜੇ ਸਿਰਫ ਕਾਲੇ ਖੇਤੀ ਕਾਨੂੰਨ ਰੱਦ ਕਰਵਾਉਣ ਦੀ ਲੜਾਈ ਹੀ ਜਿੱਤੀ ਹੈ ਜਦੋਂਕਿ ਖੇਤੀ ਨੂੰ ਲਾਹੇਵੰਦਾ ਕਿੱਤਾ ਬਣਾਉਣ ਤੇ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਨੂੰ ਪੁੱਠਾ ਗੇੜਾ ਦੇਣ ਦੀ ਲੰਬੀ ਜੰਗ ਅਜੇ ਬਾਕੀ ਹੈ।
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਕਿਸਾਨ ਅੰਦੋਲਨ ਕਾਰਨ ਪੰਜਾਬ ਵਿੱਚ ਟੌਲ ਪਲਾਜ਼ਿਆਂ ਉਪਰ ਦਿੱਤੇ ਧਰਨੇ 15 ਦਸੰਬਰ ਨੂੰ ਚੁੱਕੇ ਜਾਣ ਦਾ ਭਾਵੇਂ ਕਿਸਾਨ ਜਥੇਬੰਦੀਆਂ ਨੇ ਐਲਾਨ ਕਰ ਦਿੱਤਾ ਸੀ ਪਰ ਹੁਣ ਜਥੇਬੰਦੀਆਂ ਨੇ ਮੁੜ ਟੌਲ ਪਲਾਜ਼ਿਆਂ ਉਪਰ ਧਰਨੇ ਚਾਲੂ ਰੱਖਣ ਦਾ ਐਲਾਨ ਕੀਤਾ ਹੈ। ਮੁਕਤਸਰ-ਕੋਟਕਪੂਰਾ ਰੋਡ ਉਪਰ ਪਿੰਡ ਵੜਿੰਗ ਕੋਲ ਸਥਿਤ ਟੌਲ ਪਲਾਜ਼ੇ ਉਪਰ ਵੀ ਕਿਸਾਨ ਧਰਨਾ ਜਾਰੀ ਹੈ। ਅੰਦੋਲਨਕਾਰੀ ਕਿਸਾਨਾਂ ਨੇ ਕਿਹਾ ਕਿ ਟੌਲ ਪਲਾਜ਼ੇ ਖੁੱਲ੍ਹਣ ਤੋਂ ਪਹਿਲਾਂ ਹੀ ਕੰਪਨੀਆਂ ਨੇ ਟੌਲ ਟੈਕਸ ਬਹੁਤ ਵਧਾ ਦਿੱਤਾ ਜਿਸ ਕਰਕੇ ਪਲਾਜ਼ੇ ਮੁੜ ਬੰਦ ਕਰ ਦਿੱਤੇ ਗਏ ਹਨ।
ਇਸ ਦੌਰਾਨ ਕਾਂਗਰਸ ਦੇ ਸੂਬਾ ਜਨਰਲ ਸਕੱਤਰ ਹਨੀ ਫੱਤਣਵਾਲਾ ਨੇ ਵੀ ਕਿਸਾਨਾਂ ਦਾ ਸਮਰਥਨ ਕਰਦਿਆਂ ਕਿਹਾ ਕਿ ਟੌਲ ਪਲਾਜ਼ੇ ਉਦੋਂ ਤੱਕ ਨਹੀਂ ਖੋਲ੍ਹੇ ਜਾਣੇ ਚਾਹੀਦੇ ਜਦੋਂ ਤੱਕ ਉਹ ਆਪਣੀਆਂ ਦਰਾਂ ਠੀਕ ਨਹੀਂ ਕਰਦੇ।