ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 3 ਜੂਨ
ਪੰਜਾਬ ਸਰਕਾਰ ਵੱਲੋਂ ਮੂੰਗੀ ਦੀ ਸਿੱਧੀ ਖਰੀਦ ਕਰਨ ਦੇ ਵਿਰੋਧ ਵਜੋਂ ਕੱਚਾ ਆੜ੍ਹਤੀਆ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਮਨਜਿੰਦਰ ਸਿੰਘ ਕਾਕਾ ਉੜਾਂਗ ਦੀ ਅਗਵਾਈ ਹੇਠ ਅੱਜ ਇੱਥੇ ਆੜ੍ਹਤੀਆਂ ਵੱਲੋਂ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਚੇਅਰਮੈਨ ਮੇਘ ਰਾਜ, ਸਕੱਤਰ ਪਵਨ ਬਾਘਲਾ, ਨਵਦੀਪ ਸਿੰਘ ਬਿੱਲੂ, ਅੰਮ੍ਰਿਤਪਾਲ ਬਰਾੜ, ਵਿਕਰਮ ਛਾਬੜਾ ਅਤੇ ਬੱਗੀ ਬਰਾੜ ਵੀ ਮੌਜੂਦ ਸਨ।
ਇਸ ਦੌਰਾਨ ਆੜ੍ਹਤੀਆਂ ਨੇ ਸ਼ੱਕ ਜ਼ਾਹਿਰ ਕੀਤਾ ਕਿ ਜਿਸ ਤਰ੍ਹਾਂ ਸਰਕਾਰ ਵੱਲੋਂ ਮੂੰਗੀ ਦੇ ਮਾਮਲੇ ਵਿੱਚ ਫੈਸਲਾ ਲਿਆ ਗਿਆ ਹੈ, ਉਸੇ ਤਰ੍ਹਾਂ ਮੱਕੀ, ਬਾਸਮਤੀ ਅਤੇ ਹੋਰ ਫਸਲਾਂ ਬਾਰੇ ਵੀ ਸਰਕਾਰ ਫੈਸਲਾ ਲੈ ਸਕਦੀ ਹੈ। ਆੜ੍ਹਤੀਆਂ ਨੇ ਮੰਡੀਆਂ ’ਚ ਕਰੋੜਾਂ ਰੁਪਏ ਦੀਆਂ ਦੁਕਾਨਾਂ ਖਰੀਦੀਆਂ ਹੋਈਆਂ ਹਨ ਅਤੇ ਲੱਖਾਂ ਰੁਪਏ ਉਨ੍ਹਾਂ ’ਤੇ ਖਰਚ ਕੀਤੇ ਹਨ ਤਾਂ ਅਜਿਹੇ ਵਿਚ ਪੰਜਾਬ ਸਰਕਾਰ ਦਾ ਸਿੱਧੀ ਖਰੀਦ ਦਾ ਫੈਸਲਾ ਉਨ੍ਹਾਂ ਨੂੰ ਬਰਬਾਦ ਕਰਨ ਵਾਲਾ ਹੋਵੇਗਾ। ਆਗੂਆਂ ਨੇ ਕਿਹਾ ਕਿ 5 ਜੂਨ ਤੱਕ ਸਰਕਾਰ ਕੋਲ ਸੁਣਵਾਈ ਨਾ ਹੋਈ ਤਾਂ 6 ਜੂਨ ਤੋਂ ਪੰਜਾਬ ਦੀਆਂ ਸਾਰੀਆਂ ਮੰਡੀਆਂ ਵਿੱਚ ਮੁਜ਼ਾਹਰੇ ਕੀਤੀ ਜਾਣਗੇ ਅਤੇ ਜੇਕਰ ਫਿਰ ਵੀ ਸੁਣਵਾਈ ਨਾ ਹੋਈ ਤਾਂ 10 ਜੂਨ ਤੋਂ ਬਾਅਦ ਸਮੂਹ ਆੜ੍ਹਤੀ ਪੰਜਾਬ ਭਰ ਵਿੱਚ ਸੜਕਾਂ ਜਾਮ ਕਰਨਗੇ।
ਰਾਮਾਂ ਮੰਡੀ (ਹੁਸ਼ਿਆਰ ਸਿੰਘ ਘਟੌੜਾ): ਪੰਜਾਬ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਫੈਡਰੇਸ਼ਨ ਆਫ ਪੰਜਾਬ ਆੜ੍ਹਤੀਆ ਐਸੋਸੀਏਸ਼ਨ ਦੇ ਸੱਦੇ ’ਤੇ ਅੱਜ ਸਥਾਨਕ ਸਮੂਹ ਆੜ੍ਹਤੀਆਂ ਵੱਲੋਂ ਇੱਕ ਮੀਟਿੰਗ ਕਰ ਕੇ ਆਪਣੀਆਂ ਦੁਕਾਨਾਂ ਮੁਕੰਮਲ ਤੌਰ ’ਤੇ ਬੰਦ ਰੱਖੀਆਂ ਗਈਆਂ। ਆੜ੍ਹਤੀ ਐਸੋਸੀਏਸ਼ਨ ਰਾਮਾਂ ਮੰਡੀ ਦੇ ਪ੍ਰਧਾਨ ਭੂਰਾ ਲਾਲ ਗਰਗ ਨੇ ਸਮੂਹ ਆੜ੍ਹਤੀਆਂ ਅਤੇ ਦੁਕਾਨਾਂ ’ਤੇ ਕੰਮ ਕਰਦੇ ਮੁਨੀਮਾਂ ਨੂੰ ਬੰਦ ਨੂੰ ਸਫਲ ਬਣਾਉਣ ਦੀ ਬੇਨਤੀ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਅਤੇ ਆੜ੍ਹਤੀਆਂ ਦੇ ਇਤਿਹਾਸਕ ਮਜ਼ਬੂਤ ਰਿਸ਼ਤੇ ਨੂੰ ਹੋਰ ਮਜ਼ਬੂਤ ਕਰਨ ਦੀ ਬਜਾਏ ਉਨ੍ਹਾਂ ਵਿਚਾਲੇ ਦਰਾਰ ਪੈਦਾ ਕਰ ਕੇ ਸੂਬੇ ਦਾ ਮਾਹੌਲ ਖਰਾਬ ਕਰਨਾ ਚਾਹੁੰਦੀ ਹੈ ਜਿਸ ਨੂੰ ਕਿਸੇ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਗਿੱਦੜਬਾਹਾ (ਦਵਿੰਦਰ ਮੋਹਨ ਬੇਦੀ): ਆੜ੍ਹਤੀਆ ਐਸੋਸੀਏਸਨ ਪੰਜਾਬ ਦੇ ਸੱਦੇ ’ਤੇ ਇੱਥੇ ਆੜ੍ਹਤੀਆ ਐਸੋਸੀਏਸਨ ਗਿੱਦੜਬਾਹਾ ਵੱਲੋਂ ਪ੍ਰਧਾਨ ਵਿਨੀਤ ਕੁਮਾਰ ਮੌਂਟੀ ਦੀ ਅਗਵਾਈ ਹੇਠ ਅਣਮਿੱਥੇ ਸਮੇਂ ਲਈ ਸ਼ੁਰੂ ਕੀਤਾ ਗਿਆ ਸੰਘਰਸ਼ ਅੱਜ ਦੂਸਰੇ ਦਿਨ ਵੀ ਜਾਰੀ ਰਿਹਾ। ਪੰਜਾਬ ਆੜ੍ਹਤੀਆ ਐਸੋਸੀਏਸ਼ਨ ਦੇ ਸੂਬਾ ਮੀਤ ਪ੍ਰਧਾਨ ਅਮਿਤ ਕੁਮਾਰ ਸ਼ਿੰਪੀ ਬਾਂਸਲ ਅਤੇ ਅਸ਼ੋਕ ਜੈਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੂੰਗੀ ਦੀ ਖਰੀਦ ਤੋਂ ਆੜ੍ਹਤੀਆਂ ਨੂੰ ਦੂਰ ਰੱਖਣ ਦਾ ਤੁਗਲਕੀ ਫੁਰਮਾਨ ਜਾਰੀ ਕਰ ਕੇ ਕਿਸਾਨ ਅਤੇ ਆੜ੍ਹਤੀਆਂ ਦੇ ਨਹੁੰ-ਮਾਸ ਦੇ ਰਿਸ਼ਤੇ ਨੂੰ ਖਤਮ ਕੀਤਾ ਜਾ ਰਿਹਾ ਹੈ, ਜੋ ਨਿੰਦਣਯੋਗ ਹੈ। ਉਨਾਂ ਕਿਹਾ ਕਿ ਜਦ ਹੋਰਨਾਂ ਫਸਲਾਂ ਦੀ ਖਰੀਦ ਸਮੇਂ ਆੜ੍ਹਤੀਆਂ ਨੂੰ ਉਨ੍ਹਾਂ ਦਾ ਬਣਦਾ ਹੱਕ ਢਾਈ ਫ਼ੀਸਦ ਕਮਿਸ਼ਨ ਦਿੱਤਾ ਜਾਂਦਾ ਹੈ ਤਾਂ ਇੱਕ ਸਾਜਿਸ਼ ਤਹਿਤ ਮੂੰਗੀ ਦੀ ਖਰੀਦ ਸਮੇਂ ਆੜ੍ਹਤੀਆਂ ਨੂੰ ਖਰੀਦ ਤੋਂ ਦੂਰ ਰੱਖ ਕੇ ਨਵੀਂ ਪਿਰਤ ਪਾਈ ਜਾ ਰਹੀ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਆੜ੍ਹਤੀਆਂ ਨੂੰ ਉਨ੍ਹਾਂ ਦਾ ਬਣਦਾ ਹੱਕ ਦੇਵੇ, ਨਹੀਂ ਤਾਂ ਉਹ ਸੂਬਾ ਪੱਧਰ ’ਤੇ ਸੰਘਰਸ਼ ਹੋਰ ਤਿੱਖਾ ਕਰਨਗੇ।