ਪੱਤਰ ਪ੍ਰੇਰਕ
ਭੁੱਚੋ ਮੰਡੀ, 4 ਫਰਵਰੀ
ਪਿੰਡ ਲਹਿਰਾ ਬੇਗਾ ਵਿੱਚ ਗੁਰਦੁਆਰਾ ਸਿੰਘ ਸਭਾ ਸਾਹਿਬ ਦੇ ਮੁੱਖ ਗੇਟ ਅੱਗੇ ਪਾਣੀ ਖੜ੍ਹਨ ਦੀ ਸਮੱਸਿਆ ਕਾਰਨ ਪਿੰਡ ਵਾਸੀਆਂ ਨੇ ਰੋਸ ਵਿਖਾਵਾ ਕਰਦਿਆਂ ਪ੍ਰਸ਼ਾਸਨਿਕ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੁਖਦੇਵ ਸਿੰਘ, ਪਿੰਡ ਵਾਸੀ ਉਮੇਸ਼ ਕੁਮਾਰ, ਗੁਰਦੀਪ ਸਿੰਘ, ਜਗਸੀਰ ਗੋਗੀ, ਭੋਲਾ ਸਿੰਘ, ਗਾਲ੍ਹਾ ਸਿੰਘ ਅਤੇ ਗੁਰਬਖਸ਼ ਸਿੰਘ ਨੇ ਕਿਹਾ ਕਿ ਹਲਕਾ ਜਿਹਾ ਮੀਂਹ ਪੈਣ ਜਾਂ ਨਿਕਾਸੀ ਪਾਈਪਾਂ ਦੇ ਓਵਰਫਲੋਅ ਹੋਣ ਕਾਰਨ ਅਕਸਰ ਹੀ ਗੁਰਦੁਆਰੇ ਦੇ ਗੇਟ ਅੱਗੇ ਪਾਣੀ ਜਮ੍ਹਾ ਹੋ ਜਾਂਦਾ ਹੈ। ਇਸ ਨਾਲ ਸੰਗਤ ਨੂੰ ਪਾਣੀ ਵਿੱਚੋਂ ਲੰਘ ਕੇ ਜਾਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਛੇ ਸਾਲਾਂ ਤੋਂ ਸਿਆਸੀ ਆਗੂਆਂ ਵੱਲੋਂ ਦਿੱਤੇ ਗਏ ਭਰੋਸੇ ਵੀ ਹਾਲੇ ਤੱਕ ਵਫ਼ਾ ਨਹੀਂ ਹੋਏ। ਸਰਪੰਚ ਰੁਪਿੰਦਰ ਕੌਰ ਨੇ ਕਿਹਾ ਕਿ ਪਿੰਡ ਦੇ ਪਾਣੀ ਦੀ ਨਿਕਾਸੀ ਪੰਚਾਇਤੀ ਜ਼ਮੀਨ ਵਿੱਚ ਕੱਢੇ ਜਾਣ ਦਾ ਮਤਾ ਪਾਇਆ ਹੋਇਆ ਹੈ। ਗਰਾਂਟ ਮਿਲਦਿਆਂ ਹੀ ਸਮੱਸਿਆ ਹੱਲ ਕਰ ਦਿੱਤੀ ਜਾਵੇਗੀ। ਇਸ ਮੌਕੇ ਪਿੰਡ ਵਾਸੀ ਹਰਦੀਪ ਸਿੰਘ, ਗੋਬਿੰਦ ਸਿੰਘ, ਜੱਗਾ ਸਿੰਘ, ਰਾਜਪਾਲ ਅਤੇ ਬਲਦੇਵ ਸਿੰਘ ਹਾਜ਼ਰ ਸਨ।