ਜੋਗਿੰਦਰ ਸਿੰਘ ਮਾਨ
ਮਾਨਸਾ, 10 ਫਰਵਰੀ
ਪਿਛਲੇ ਇੱਕ ਮਹੀਨੇ ਤੋਂ ਮਾਨਸਾ ਸ਼ਹਿਰ ਦਾ ਕਰੀਬ ਦੋ-ਤਿਹਾਈ ਹਿੱਸਾ ਸੀਵਰੇਜ ਦੇ ਓਵਰਫਲੋਅ ਹੋਣ ਦੀ ਸਮੱਸਿਆ ਨਾਲ ਜੂਝ ਰਿਹਾ ਹੈ। ਇਸ ਸਮੱਸਿਆ ਦੇ ਹੱਲ ਲਈ ਅੱਜ ਦੁਕਾਨਦਾਰਾਂ ਵੱਲੋਂ ਆਪੋ-ਆਪਣੀਆਂ ਦੁਕਾਨਾਂ ਬੰਦ ਕਰ ਕੇ ਧਰਨਾ ਲਾਇਆ ਗਿਆ ਅਤੇ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ ਦਿੱਤੀ।
ਧਰਨਕਾਰੀਆਂ ਨੂੰ ਸੰਬੋਧਨ ਕਰਦਿਆਂ ‘ਸੰਵਿਧਾਨ ਬਚਾਓ ਮੰਚ’ ਦੇ ਆਗੂ ਐਡਵੋਕੇਟ ਗੁਰਲਾਭ ਸਿੰਘ ਮਾਹਲ ਨੇ ਕਿਹਾ ਕਿ ਸੀਵਰੇਜ ਸਿਸਟਮ ਬੰਦ ਹੋਣ ਕਾਰਨ ਗੰਦਾ ਪਾਣੀ ਸੜਕਾਂ ’ਤੇ ਖੜ੍ਹਾ ਹੈ। ਇਸ ਗੰਦੇ ਪਾਣੀ ਕਾਰਨ ਦੁਕਾਨਾਂ ਵਿੱਚ ਬੈਠਣਾ ਦੁੱਭਰ ਹੋ ਗਿਆ ਅਤੇ ਗਾਹਕਾਂ ਦਾ ਆਉਣਾ-ਜਾਣਾ ਵੀ ਮੁਸ਼ਕਿਲ ਹੋਇਆ ਪਿਆ ਹੈ, ਜਿਸ ਕਾਰਨ ਦੁਕਾਨਦਾਰਾਂ ਦਾ ਕਾਰੋਬਾਰ ਇੱਕ ਮਹੀਨੇ ਤੋਂ ਠੱਪ ਪਿਆ ਹੈ। ਡਿਪਟੀ ਕਮਿਸ਼ਨ ਮਾਨਸਾ ਰੋਜ਼ਾਨਾ ਆਪਣੀ ਰਿਹਾਇਸ਼ ਤੋਂ ਦਫ਼ਤਰ ਤੱਕ ਇਸ ਗੰਦੇ ਪਾਣੀ ਵਿੱਚੋਂ ਲੰਘ ਕੇ ਜਾਂਦੇ ਹਨ, ਪ੍ਰੰਤੂ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਕੀਤਾ। ਦੁਕਾਨਦਾਰਾਂ ਨੇ ਦੱਸਿਆ ਕਿ ਇਸ ਸਮੱਸਿਆ ਬਾਰੇ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਨੂੰ ਕਈ ਵਾਰ ਸ਼ਿਕਾਇਤ ਕੀਤੀ ਗਈ ਹੈ ਪਰ ਮਸਲਾ ਉੱਥੇ ਦਾ ਉੱਥੇ ਹੈ।