ਪੱਤਰ ਪ੍ਰੇਰਕ
ਗਿੱਦੜਬਾਹਾ, 22 ਅਕਤੂਬਰ
ਸੀਟੂ ਪੰਜਾਬ ਦੀ ਇਕਾਈ ਗਿੱਦੜਬਾਹਾ ਵੱਲੋਂ ਮੋਦੀ ਸਰਕਾਰ ਖ਼ਿਲਾਫ਼ ਮੁਜ਼ਾਹਰਾ ਕੀਤਾ ਗਿਆ। ਰੋਸ ਪ੍ਰਦਰਸ਼ਨ ਦੌਰਾਨ ਮਜ਼ਦੂਰ ਆਗੂਆਂ ਨੇ ਮੋਦੀ ਸਰਕਾਰ ਵੱਲੋਂ ਕੋਲੇ ਦੀਆਂ ਖਾਣਾਂ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ’ਤੇ ਰੋਸ ਜ਼ਾਹਿਰ ਕੀਤਾ। ਉਨ੍ਹਾਂ ਵੱਲੋਂ ਕੋਲੇ ਦੇ ਸੰਕਟ ’ਤੇ ਚਿੰਤਾ ਪ੍ਰਗਟ ਕੀਤੀ ਗਈ। ਕਾਮਰੇਡ ਨੱਥੂ ਰਾਮ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੋਲੇ ਦੇ ਸੰਕਟ ਕਾਰਨ ਪੰਜਾਬ ਅੰਦਰ ਭੱਠੇ ਬੰਦ ਪਏ ਹਨ ਅਤੇ ਕਾਰਪੋਰੇਟ ਆਪਣੀ ਮਰਜ਼ੀ ਮੁਤਾਬਕ ਤਿੰਨ ਗੁਣਾ ਵੱਧ ਭਾਅ ’ਤੇ ਕੋਲਾ ਵੇਚ ਰਹੇ ਹਨ। ਇਸ ਕਰ ਕੇ ਪੰਜਾਬ ਅੰਦਰ ਅਨੇਕਾਂ ਪਰਿਵਾਰ ਬੇਰੁਜ਼ਗਾਰ ਹੋ ਗਏ ਹਨ। ਉਨ੍ਹਾਂ ਕਿਹਾ ਕਿ ਕੋਲੇ ਦੇ ਸੰਕਟ ਕਾਰਨ ਪੰਜਾਬ ਅੰਦਰ ਬਿਜਲੀ ਸੰਕਟ ਵੀ ਪੈਦਾ ਹੋ ਰਿਹਾ ਹੈ, ਜਿਸ ਦਾ ਅਸਰ ਪੰਜਾਬ ਦੀ ਕਿਸਾਨੀ ਅਤੇ ਸਨਅਤ ’ਤੇ ਹੋ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਕੋਲੇ ਦੀ ਸਪਲਾਈ ਵਧਾਈ ਜਾਵੇ ਜਿਸ ਨਾਲ ਪੰਜਾਬ ਅੰਦਰ ਬੰਦ ਪਏ ਥਰਮਲ ਚੱਲ ਸਕਣ ਅਤੇ ਭੱਠਾ ਮਜ਼ਦੂਰਾਂ ਨੂੰ ਵੀ ਰਾਹਤ ਮਿਲ ਸਕੇ। ਉਨ੍ਹਾਂ ਮੰਗ ਕੀਤੀ ਕਿ ਮਜ਼ਦੂਰ ਦੀ ਦਿਹਾੜੀ ਘੱਟੋ-ਘੱਟ 600 ਰੁਪਏ ਕੀਤੀ ਜਾਵੇ, ਮਨਰੇਗਾ ਕਾਮਿਆਂ ਨੂੰ ਸਾਲ ਵਿੱਚ 6 ਮਹੀਨੇ ਕੰਮ ਦੇਣਾ ਯਕੀਨੀ ਬਣਾਇਆ ਜਾਵੇ, ਮਹਿੰਗਾਈ ’ਤੇ ਕਾਬੂ ਪਾਇਆ ਜਾਵੇ ਤਾਂ ਜੋ ਗਰੀਬ ਆਪਣੀ ਦੋ ਵਕਤ ਦੀ ਰੋਟੀ ਦਾ ਜੁਗਾੜ ਕਰ ਸਕਣ।
ਕੇਂਦਰ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ ਕਰਦੇ ਸੀਟੂ ਕਾਰਕੁਨ। -ਫੋਟੋ: ਬੇਦੀ