ਪੱਤਰ ਪ੍ਰੇਰਕ
ਦੋਦਾ, 9 ਜੁਲਾਈ
ਪਿੰਡ ਖੂਨਣ ਖੁਰਦ ਵਿੱਚ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਮੰਡੀ ਬੋਰਡ ਗਿੱਦੜਬਾਹਾ ਦੇ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਰੋਸ ਪ੍ਰਗਟ ਕੀਤਾ ਗਿਆ। ਆਗੂ ਰਾਜਾ ਸਿੰਘ ਅਤੇ ਕਾਲਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਕਲੋਨੀ ਵਿੱਚ ਮੰਡੀ ਬੋਰਡ ਵੱਲੋਂ ਇੰਟਰਲੌਕ ਟਾਈਲਾਂ ਲਾ ਕੇ ਗਲੀਆਂ ਪੱਕੀਆਂ ਕੀਤੀਆਂ ਜਾ ਰਹੀਆਂ ਹਨ। ਇਸ ਦੌਰਾਨ ਜਦੋਂ ਉਨ੍ਹਾਂ ਦੀ ਗਲੀ ਦੀ ਵਾਰੀ ਆਈ ਤਾਂ ਕੰਮ ਰੋਕ ਦਿੱਤਾ ਗਿਆ ਹੈ। ਇਸ ਬਾਰੇ ਸਬੰਧਤ ਵਿਭਾਗ ਦੇ ਵਾਰ-ਵਾਰ ਧਿਆਨ ਵਿੱਚ ਲਿਆਉਣ ਦੇ ਬਾਵਜੂਦ ਗਲੀ ਪੱਕੀ ਨਹੀਂ ਕੀਤੀ ਜਾ ਰਹੀ। ਉਨ੍ਹਾਂ ਚਿਤਾਵਨੀ ਭਰੇ ਲਹਿਜ਼ੇ ਵਿੱਚ ਕਿਹਾ ਕਿ ਜਿੰਨਾ ਚਿਰ ਅਧੂਰੀ ਪਈ ਗਲੀ ਤਿਆਰ ਨਹੀਂ ਕੀਤੀ ਜਾਂਦੀ, ਉੰਨਾ ਚਿਰ ਉਹ ਦੂਜੀਆਂ ਗਲੀਆਂ ਵਿੱਚ ਵੀ ਕੰਮ ਨਹੀਂ ਚੱਲਣ ਦੇਣਗੇ। ਮੰਡੀ ਬੋਰਡ ਦੇ ਸਬੰਧਿਤ ਐੱਸਡੀਓ ਬਲਦੇਵ ਸਿੰਘ ਨਾਲ ਇਸ ਮਾਮਲੇ ਸਬੰਧੀ ਰਾਬਤਾ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਇਸ ਮਾਮਲੇ ਨੂੰ ਜਲਦੀ ਹੱਲ ਕਰ ਲਿਆ ਜਾਵੇਗਾ।