ਪਵਨ ਗੋਇਲ
ਭੁੱਚੋ ਮੰਡੀ, 5 ਮਾਰਚ
ਲੋਕ ਹਿੱਤਾਂ ਲਈ ਜੂਝ ਰਹੀ ਮਜ਼ਦੂਰ ਆਗੂ ਨੌਦੀਪ ਕੌਰ ਗੰਧੜ ਦਾ ਅੱਜ ਇੱਥੇ ਮਿਉਂਸਿਪਲ ਪਾਰਕ ਵਿੱਚ ਵੱਖ ਵੱਖ ਜਥੇਬੰਦੀਆਂ ਨੇ ਸਨਮਾਨ ਕੀਤਾ ਅਤੇ ਸੰਘਰਸ਼ਾਂ ਵਿੱਚ ਭਰਵੀਂ ਹਮਾਇਤ ਦਾ ਭਰੋਸਾ ਦੇ ਕੇ ਉਤਸ਼ਾਹਿਤ ਕੀਤਾ। ਨੌਦੀਪ ਕੌਰ ਨੇ ਆਖਿਆ ਕਿ ਉਹ ਲੋਕ ਹਿੱਤਾਂ ਲਈ ਸੰਗਰਾਮ ਜਾਰੀ ਰੱਖੇਗੀ ਤੇ ਉਸ ਨੂੰ ਆਪਣੀ ਪੜ੍ਹਾਈ ਅੱਧ ਵਿਚਕਾਰ ਰਹਿ ਜਾਣ ਅਤੇ ਜੇਲ੍ਹਾਂ, ਠਾਣਿਆਂ ਦੀ ਕੋਈ ਪ੍ਰਵਾਹ ਨਹੀਂ ਹੈ ਕਿਉਂਕਿ ਉਸ ਨੂੰ ਲੋਕ ਹਿੱਤਾਂ ਲਈ ਲੜਣ ਦੀ ਗੁੜਤੀ ਮਿਲੀ ਹੈ। ਨੌਦੀਪ ਨੇ ਕਿਹਾ ਕਿ ਜੇਲ੍ਹਾਂ ਵਿੱਚ ਸੜ ਰਹੇ ਹੋਰ ਬੇਦੋਸ਼ਿਆਂ ਨੂੰ ਛੁਡਾਉਣ ਲਈ ਰਲ ਕੇ ਹੰਭਲਾ ਮਾਰਨ ਦੀ ਲੋੜ ਹੈ।