ਨਿੱਜੀ ਪੱਤਰ ਪ੍ਰੇਕ
ਫ਼ਿਰੋਜ਼ਪੁਰ, 17 ਸਤੰਬਰ
ਪੈਰੋਲ ਖ਼ਤਮ ਹੋਣ ਤੋਂ ਬਾਅਦ ਜੇਲ੍ਹ ਵਿੱਚ ਹਾਜ਼ਰ ਨਾ ਹੋਣ ਵਾਲੇ ਕੈਦੀ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਅਦਾਲਤ ਵੱਲੋਂ ਸਜ਼ਾ ਦੇ ਨਾਲ ਜੁਰਮਾਨਾ ਭਰਨ ਦੇ ਹੁਕਮਾਂ ਦੀ ਤਾਮੀਲ ਨਾ ਕਰਨ ’ਤੇ ਇਸ ਕੈਦੀ ਦੀ ਸਜ਼ਾ ਵਿਚ ਵੀ ਇੱਕ ਸਾਲ ਤਿੰਨ ਮਹੀਨੇ ਦਸ ਦਿਨ ਦਾ ਵਾਧਾ ਕਰ ਦਿੱਤਾ ਗਿਆ ਹੈ। ਸਥਾਨਕ ਕੇਂਦਰੀ ਜੇਲ੍ਹ ਦੇ ਸੁਪਰਡੈਂਟ ਨੇ ਦੱਸਿਆ ਕਿ ਮੁਲਜ਼ਮ ਜਸਪਾਲ ਸਿੰਘ ਵਾਸੀ ਪਿੰਡ ਲੱਖੋ ਕੇ ਬਹਿਰਾਮ ਨੂੰ ਇੱਕ ਮਾਮਲੇ ਵਿਚ ਅਦਾਲਤ ਨੇ ਦਸ ਸਾਲ ਦੀ ਸਜ਼ਾ ਅਤੇ ਜੁਰਮਾਨਾ ਭਰਨ ਦਾ ਹੁਕਮ ਸੁਣਾਇਆ ਸੀ। ਇਹ ਕੈਦੀ 19 ਅਗਸਤ ਨੂੰ ਮੁਕਤਸਰ ਜੇਲ੍ਹ ’ਚੋਂ ਛੇ ਹਫ਼ਤੇ ਦੀ ਪੈਰੋਲ ’ਤੇ ਰਿਹਾਅ ਕੀਤਾ ਗਿਆ ਸੀ, ਪਰ ਕਰੋਨਾ ਮਹਾਮਾਰੀ ਕਰਕੇ ਹਾਈਪਾਵਰ ਕਮੇਟੀ ਦੀਆਂ ਹਦਾਇਤਾਂ ’ਤੇ ਕੈਦੀ ਜਸਪਾਲ ਸਿੰਘ ਦੀ ਪੈਰੋਲ ਵਿਚ ਵਾਧਾ ਕਰ ਦਿੱਤਾ ਗਿਆ ਸੀ। ਇਸ ਕੈਦੀ ਨੇ 19 ਅਗਸਤ ਨੂੰ ਮੁਕਤਸਰ ਜੇਲ੍ਹ ਵਿਚ ਦੁਬਾਰਾ ਹਾਜ਼ਰ ਹੋਣਾ ਸੀ ਪਰ ਉਹ ਹਾਜ਼ਰ ਨਹੀਂ ਹੋਇਆ।