ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 4 ਜੂਨ
ਜ਼ਿਲ੍ਹੇ ਅੰਦਰ ਦੋ ਦਿਨਾਂ ਵਿੱਚ ਤਿੰਨ ਕਰੋਨਾ ਪਾਜ਼ੇਟਿਵ ਮਰੀਜ਼ ਆਏ ਹਨ ਜਿਨ੍ਹਾਂ ਵਿੱਚ ਇਕ ਚਾਰ ਮਹੀਨਿਆਂ ਦੀ ਗਰਭਵਤੀ ਔਰਤ ਵੀ ਸ਼ਾਮਲ ਹੈ। ਸਿਹਤ ਅਧਿਕਾਰੀਆਂ ਅਨੁਸਾਰ ਇਹ ਔਰਤ ਆਪਣਾ ਸਾਧਾਰਨ ਨਿਰੀਖਣ ਕਰਾਉਣ ਵਾਸਤੇ ਸਿਵਲ ਹਸਪਤਾਲ ਆਈ ਸੀ ਜਿਥੇ ਉਸਦਾ ਕਰੋਨਾ ਟੈਸਟ ਵੀ ਲੈ ਲਿਆ ਤੇ ਅੱਜ ਨਤੀਜਾ ਆਉਣ ’ਤੇ ਉਹ ਪਾਜ਼ੇਟਿਵ ਪਾਇਆ ਗਿਆ। ਇਸ ਸਥਿਤੀ ਨੂੰ ਵੇਖਦਿਆਂ ਪ੍ਰਸ਼ਾਸਨ ਨੇ ਕਈ ਸਖਤ ਕਦਮ ਚੁੱਕੇ ਹਨ ਜਿਸ ਅਧੀਨ ਵਧੀਕ ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਨੇ ਜ਼ਿਲ੍ਹੇ ’ਚ ਦਾਖਲ ਹੋਣ ਵਾਲੇ ਹਰ ਵਿਅਕਤੀ ਨੂੰ ‘ਕੋਪਾ ਐਪ’ ਡਾਊਨਲੋਡ ਕਰਨ ਤੇ ਸਵੈ ਪਾਸ ਲੈਣ ਦੀ ਸ਼ਰਤ ਲਾ ਦਿੱਤੀ ਹੈ ਤਾਂ ਕਿ ਇਸ ਬਾਰੇ ਪ੍ਰਸ਼ਾਸਨ ਨੂੰ ਸੂਚਨਾ ਮਿਲਦੀ ਰਹੇ। ਇਸੇ ਤਰ੍ਹਾਂ ਸਿਵਲ ਸਰਜਨ ਡਾ. ਹਰੀ ਨਰਾਇਣ ਸਿੰਘ ਨੇ ਦੱਸਿਆ ਕਿ ਗਰਭਵਤੀ ਔਰਤਾਂ ਨੂੰ ਗਰਭ ਅਵਸਥਾ ਦੀ ਪਹਿਲੀ ਤਿਮਾਹੀ ਤੱਕ ਹਸਪਤਾਲ ਤੋਂ ਲਾਗ ਲੱਗਣ ਦਾ ਖਤਰਾ ਵੱਧ ਜਾਂਦਾ ਹੈ ਤੇ ਉਨ੍ਹਾਂ ਨੂੰ ਹਸਪਤਾਲ ਵਿੱਚ ਆਉਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਮਹਾਂਮਾਰੀ ’ਚ ਗਰਭਵਤੀ ਔਰਤਾਂ ਦੇ ਪ੍ਰਬੰਧਨ ਲਈ ਇਹ ਸੇਵਾਵਾਂ ਬਹੁਤ ਮੱਦਦਗਾਰ ਸਾਬਿਤ ਹੋਣਗੀਆਂ। ਨੋਡਲ ਅਫ਼ਸਰ ਤੇ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰੰਜੂ ਸਿੰਗਲਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਘਰ ਬੈਠੇ ਇਨ੍ਹਾਂ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਲੈਣ।
ਮਹਿਲ ਕਲਾਂ (ਨਵਕਿਰਨ ਸਿੰਘ) ਪਿਛਲੇ ਦਿਨੀਂ ਪੁਲੀਸ ਵੱਲੋਂ ਹਜ਼ਾਰਾਂ ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ ਕੀਤੇ ਗਏ ਮਲੇਰਕੋਟਲਾ ਵਾਸੀ ਨੌਜਵਾਨ ਜ਼ੁਲਫਿਕਾਰ ਉਰਫ ਜੁਲਫੀ ਦੇ ਕਰੋਨਾ ਪਾਜ਼ੇਟਿਵ ਆ ਜਾਣ ਕਾਰਨ ਪੁਲੀਸ ਮੁਲਾਜ਼ਮਾਂ ਵਿੱਚ ਚਿੰਤਾ ਦਾ ਮਹੌਲ ਪੈਦਾ ਹੋ ਗਿਆ ਹੈ। ਨਸ਼ਾ ਤਸਕਰੀ ਨਾਲ ਜੁੜੇ ਮਾਮਲੇ ’ਚ ਜ਼ੁਲਫਿਕਾਰ ਪੁਲੀਸ ਥਾਣਾ ਮਹਿਲ ਕਲਾਂ ਕੋਲ ਪੁਲੀਸ ਰਿਮਾਂਡ ’ਤੇ ਚੱਲ ਰਿਹਾ ਹੈ ਤੇ ਹੁਣ ਉਸਦੇ ਕਰੋਨਾ ਪਾਜ਼ੇਟਿਵ ਆਉਣ ਮਗਰੋਂ ਜਿੱਥੇ ਜ਼ੁਲਫਿਕਾਰ ਨੂੰ ਇਲਾਜ ਲਈ ਸਿੱਧਾ ਹਸਪਤਾਲ ਭੇਜ ਦਿੱਤਾ ਗਿਆ ਹੈ, ਉੱਥੇ ਹੀ ਥਾਣਾ ਮਹਿਲ ਕਲਾਂ ਦੇ ਸਮੂਹ ਮੁਲਾਜ਼ਮਾਂ ਤੇ ਬੀਤੇ ਦੋ ਦਿਨਾਂ ਤੋਂ ਥਾਣੇ ‘’ਚ ਰਹੇ ਹਵਾਲਾਤੀਆਂ ਦਾ ਕੋਵਿਡ-19 ਸਬੰਧੀ ਟੈਸਟ ਜਾਂਚ ਲਈ ਭੇਜਿਆ ਜਾ ਰਿਹਾ ਹੈ। ਇਸ ਸਬੰਧੀ ਪੀਐੱਚਸੀ ਮਹਿਲ ਕਲਾਂ ਦੇ ਡਾਕਟਰ ਸਿਮਰਨਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਜੁਲਫਿਕਾਰ ਦਾ ਟੈਸਟ ਜਾਂਚ ਲਈ ਭੇਜਿਆ ਗਿਆ ਸੀ ਜਿਸਦੇ ਪਾਜ਼ੇਟਿਵ ਆਉਣ ਮਗਰੋਂ ਅੱਜ ਥਾਣਾ ਮਹਿਲ ਕਲਾਂ ਦੇ 30 ਮੁਲਾਜ਼ਮਾਂ ਤੇ ਹਵਾਲਾਤੀਆਂ ਦੇ ਟੈਸਟ ਜਾਂਚ ਲਈ ਭੇਜੇ ਜਾ ਰਹੇ ਹਨ। ਜ਼ਿਲ੍ਹਾ ਬਰਨਾਲਾ ਦੇ ਕਈ ਉੱਚ ਪੁਲੀਸ ਅਫਸਰ ਵੀ ਪੁਲੀਸ ਜਾਂਚ ਦੌਰਾਨ ਇਸ ਹਵਾਲਾਤੀ ਦੇ ਸੰਪਰਕ ਵਿੱਚ ਰਹੇ ਹਨ ਜਿਸ ਕਾਰਨ ਪੂਰੇ ਜ਼ਿਲ੍ਹੇ ਦੇ ਪੁਲੀਸ ਅਫਸਰ ਚਿੰਤਾ ਵਿੱਚ ਹਨ। ਮਹਿਲ ਕਲਾਂ ਨਾਲ ਸਬੰਧਤ ਇੱਕ ਔਰਤ ਦੀ ਪਹਿਲਾਂ ਹੀ ਕਰੋਨਾਵਾਇਰਸ ਨਾਲ ਮੌਤ ਹੋ ਚੁੱਕੀ ਹੈ ਤੇ ਹੁਣ ਮੁੜ ਕਰੋਨਾਵਾਇਰਸ ਮਰੀਜ਼ ਦੇ ਤਾਰ ਮਹਿਲ ਕਲਾਂ ਨਾਲ ਜੁੜਣ ਤੋਂ ਬਾਅਦ ਇਲਾਕੇ ਵਿੱਚ ਸਹਿਮ ਦਾ ਮਹੌਲ ਬਣ ਗਿਆ ਹੈ।
ਹੱਲੇਵਾਲ ਥਾਣੇ ਦੀ ਐੱਸਐੱਚਓ ਸਣੇ 9 ਮੁਲਾਜ਼ਮ ਇਕਾਂਤਵਾਸ
ਟੱਲੇਵਾਲ (ਲਖਵੀਰ ਸਿੰਘ ਚੀਮਾ) ਬਰਨਾਲਾ ਪੁਲੀਸ ਵੱਲੋਂ ਕਾਬੂ ਕੀਤੇ ਗਏ ਨਸ਼ੇ ਦੇ ਤਸਕਰ ਦੀ ਕਰੋਨਾਵਾਇਰਸ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਪੂਰੀ ਜ਼ਿਲ੍ਹੇ ਦੀ ਪੁਲੀਸ ਵਿੱਚ ਸਹਿਮ ਗਿਆ ਹੈ। ਪਾਜ਼ੇਟਿਵ ਆਏ ਵਿਅਕਤੀ ਦੇ ਸੰਪਰਕ ’ਚ ਆਏ ਵਿਅਕਤੀਆਂ ਨੂੰ ਇਕਾਂਤਵਾਸ ਕੀਤਾ ਜਾ ਰਿਹਾ ਹੈ। ਇਸ ਵਿੱਚ ਥਾਣਾ ਟੱਲੇਵਾਲ ਦੇ ਵੀ 9 ਪੁਲੀਸ ਮੁਲਾਜ਼ਮ ਸ਼ਾਮਲ ਹਨ। ਟੱਲੇਵਾਲ ਥਾਣੇ ਦੀ ਐੱਸਐੱਚਓ ਅਮਨਦੀਪ ਕੌਰ, ਏਐੱਸਆਈ ਮਲਕੀਤ ਸਿੰਘ, ਰਣ ਸਿੰਘ, ਬੰਤ ਸਿੰਘ, ਸੁਰਿੰਦਰ ਸਿੰਘ, ਹਰਜੀਤ ਸਿੰਘ, ਲਖਵਿੰਦਰ ਸਿੰਘ ਕਾਂਸਟੇਬਲ, ਹਰਪ੍ਰੀਤ ਕਾਂਸਟੇਬਲ ਤੇ ਮੁਲਾਜ਼ਮ ਮਹਿੰਦਰ ਸਿੰਘ ਦੀ ਸੈਂਪਲਿੰਗ ਕਰਕੇ ਇਕਾਂਤਵਾਸ ਲਈ ਭੇਜਿਆ ਜਾ ਰਿਹਾ ਹੈ। ਥਾਣੇ ਦੇ 9 ਪੁਲੀਸ ਮੁਲਾਜ਼ਮ ਇਕਾਂਤਵਾਸ ਕੀਤੇ ਜਾਣ ਕਾਰਨ ਹੋਰ ਥਾਣੇ ਦੇ ਪੁਲੀਸ ਮੁਲਾਜ਼ਮਾਂ ਨੂੰ ਆਰਜ਼ੀ ਤੌਰ ’ਤੇ ਡਿਊਟੀ ਲਈ ਲਗਾਇਆ ਜਾ ਰਿਹਾ ਹੈ।
ਭੁੱਚੋ ਮੰਡੀ ਦੇ ਪੰਜ ਇਕਾਂਤਵਾਸੀਆਂ ਦੀ ਰਿਪੋਰਟ ਨੈਗੇਟਿਵ
ਭੁੱਚੋ ਮੰਡੀ (ਪੱਤਰ ਪ੍ਰੇਰਕ) ਇੱਥੇ ਰਾਮ ਬਿਲਾਸ ਬਸਤੀ ਦੀ ਮਸੀਤ ਵਿੱਚ ਇਕਾਂਤਵਾਸ ’ਚ ਚੱਲ ਰਹੇ ਪੰਜ ਜਣਿਆਂ ਦੇ ਕਰੋਨਾ ਟੈਸਟ ਰਿਪੋਰਟ ਨੈਗੇਟਿਵ ਆਈ ਹੈ। ਇਸ ਨਾਲ ਬਸਤੀ ਵਾਸੀਆਂ ਨੇ ਸੁੱਖ ਦਾ ਸਾਹ ਲਿਆ ਹੈ। ਐੱਸਐੱਮਓ ਡਾ. ਇੰਦਰਦੀਪ ਸਿੰਘ ਸਰਾਂ ਨੇ ਦੱਸਿਆ ਕਿ 30 ਮਈ ਨੂੰ ਮੌਲਵੀ ਜ਼ੁਬੇਰ ਖਾਨ ਨੂੰ ਉਸਦੇ ਪਰਿਵਾਰ ਸਣੇ ਰਾਜਸਥਾਨ ਤੋਂ ਵਾਪਸ ਆਉਣ ’ਤੇ ਮਸੀਤ ਵਿੱਚ ਹੀ ਇਕਾਂਤਵਾਸ ਕੀਤਾ ਹੋਇਆ ਹੈ। ਪੰਜਾਂ ਜਣਿਆਂ ਦੀ ਰਿਪੋਰਟ ਭਾਵੇਂ ਨੈਗੇਟਿਵ ਆਈ ਹੈ, ਪਰ ਇਨ੍ਹਾਂ ਨੂੰ 12 ਜੂਨ ਤੱਕ ਇਕਾਂਤਵਾਸ ਵਿੱਚ ਰੱਖਿਆ ਜਾਵੇਗਾ ਤੇ ਅਖੀਰ ’ਚ ਲੱਛਣ ਦੇਖੇ ਜਾਣ ਤੋਂ ਬਾਅਦ ਹੀ ਇਕਾਂਤਵਾਸ ਸਮਾਪਤ ਕੀਤਾ ਜਾਵੇਗਾ।
ਮਹਿਲਾ ਦੀ ਕਰੋਨਾ ਰਿਪਰੋਟ ਪਾਜ਼ੇਟਿਵ
ਫਾਜ਼ਿਲਕਾ (ਪਰਮਜੀਤ ਸਿੰਘ) ਬੀਤੀ ਦੇਰ ਰਾਤ ਜ਼ਿਲ੍ਹਾ ਫਾਜ਼ਿਲਕਾ ਵਿੱਚ 1 ਮਹਿਲਾ ਦੀ ਰਿਪਰੋਟ ਕਰੋਨਾ ਪਾਜ਼ੇਟਿਵ ਪ੍ਰਾਪਤ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਫਾਜ਼ਿਲਕਾ ਡਾ. ਚੰਦਰ ਮੋਹਨ ਕਟਾਰੀਆ ਨੇ ਦੱਸਿਆ ਕਿ ਪਾਜ਼ੇਟਿਵ ਆਉਣ ਵਾਲੀ ਮਹਿਲਾ ਦੀ ਉਮਰ ਕਰੀਬ 45 ਸਾਲ ਹੈ। ਉਨ੍ਹਾਂ ਦੱਸਿਆ ਕਿ ਮਹਾਰਾਸ਼ਟਰ ਤੋਂ ਆਏ 3 ਲੋਕਾਂ ਦੇ ਨਮੂਨੇ ਲਏ ਗਏ ਸਨ, ਜਿਨ੍ਹਾਂ ’ਚੋਂ ਦੋ ਵਿਅਕਤੀਆਂ ਦੀ ਰਿਪਰੋਟ ਨੈਗਟਿਵ ਅਤੇ 1 ਦੀ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ ਹੈ।
ਪਿੰਡ ਤਾਜੋਕੇ ਦੇ ਨੌਜਵਾਨ ਨੇ ਕਰੋਨਾ ਨੂੰ ਦਿੱਤੀ ਮਾਤ
ਤਪਾ ਮੰਡੀ (ਸੀ ਮਾਰਕੰਡਾ) ਪਿੰਡ ਤਾਜੋਕੇ ਦੇ 18 ਸਾਲਾ ਨੌਜਵਾਨ ਜਸਵੀਰ ਸਿੰਘ ਨੇ ਕੋਵਿਡ-19 ’ਤੇ ਫ਼ਤਹਿ ਪ੍ਰਾਪਤ ਕਰ ਲਈ ਹੈ। ਤੰਦਰੁਸਤ ਹੋ ਕੇ ਉਸਨੇ ਘਰ ਵਾਪਸੀ ਕੀਤੀ ਹੈ। ਬਰਨਾਲਾ ਦੇ ਸੋਹਲ ਪੱਤੀ ਆਇਸੋਲੇਸ਼ਨ ਕੇਂਦਰ ਤੋਂ ਪਿੰਡ ਤਾਜੋਕੇ ਦੇ ਹੈਲਥ ਐਂਡ ਵੈਲਨੈਸ ਸੈਂਟਰ ਵਿੱਚ ਪਹੁੰਚਣ ’ਤੇ ਜਸਵੀਰ ਸਿੰਘ ਨੂੰ ਐੱਸਐੱਮਓ ਡਾ. ਜਸਵੀਰ ਸਿੰਘ ਔਲਖ ਨੇ ਗੁਲਦਸਤਾ ਭੇਟ ਕੀਤਾ ਤੇ ਸਿਹਤ ਕਰਮਚਾਰੀਆਂ, ਪੰਚਾਇਤ ਤੇ ਪਰਿਵਾਰਕ ਮੈਂਬਰਾਂ ਵੱਲੋਂ ਤਾੜੀਆਂ ਵਜਾ ਕੇ ਉਸਦਾ ਸਵਾਗਤ ਕੀਤਾ ਗਿਆ। ਮਾਪਿਆਂ ਨੇ ਸਿਹਤ ਵਿਭਾਗ ਵੱਲੋਂ ਇਲਾਜ ਦੌਰਾਨ ਜਸਵੀਰ ਸਿੰਘ ਦੀ ਵਧੀਆ ਦੇਖਭਾਲ ਕਰਨ ਅਤੇ ਤੰਦਰੁਸਤ ਘਰ ਵਾਪਸੀ ’ਤੇ ਧੰਨਵਾਦ ਕੀਤ।
ਬਠਿੰਡਾ ਜ਼ਿਲ੍ਹੇ ’ਚ ਕੋਵਿਡ 19 ਦੇ ਤਿੰਨ ਨਵੇਂ ਮਾਮਲੇ
ਬਠਿੰਡਾ (ਮਨੋਜ ਸ਼ਰਮਾ) ਬਠਿੰਡਾ ਜ਼ਿਲ੍ਹੇ ’ਚ ਕੋਵਿਡ 19 ਬਿਮਾਰੀ ਦੇ ਤਿੰਨ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਜ਼ਿਲ੍ਹੇ ਵਿੱਚ ਕਰੋਨਾ ਪਾਜ਼ੇਟਿਵ ਕੇਸਾਂ ਦੀ ਗਿਣਤੀ ਵਧ ਕੇ 12 ਹੋ ਗਈ ਹੈ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਬੀ ਸ੍ਰੀਨਿਵਾਸਨ ਨੇ ਦੱਸਿਆ ਕਿ ਇਹ ਤਿੰਨੋ ਲੋਕ ਇਕੋ ਪਰਿਵਾਰ ਦੇ ਮੈਂਬਰ ਹਨ ਅਤੇ ਇਹ 1 ਜੂਨ ਨੂੰ ਸ੍ਰੀ ਗੰਗਾਨਗਰ ਤੋਂ ਪਰਤੇ ਸਨ, 2 ਜੂਨ ਨੂੰ ਇਨ੍ਹਾਂ ਦੇ ਨਮੂਨੇ ਲਏ ਗਏ ਸਨ ਜਿਨ੍ਹਾਂ ਦੀ ਰਿਪੋਰਟ ਅਨੁਸਾਰ ਇਹ ਤਿੰਨੋਂ ਪਾਜ਼ੇਟਿਵ ਪਾਏ ਗਏ ਹਨ। ਇਨ੍ਹਾਂ ਨੂੰ ਜ਼ਿਲ੍ਹੇ ਵਿੱਚ ਆਉਣ ਤੋਂ ਲੈ ਕੇ ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਘਰ ਵਿੱਚ ਹੀ ਇਕਾਂਤਵਾਸ ਕੀਤਾ ਹੋਇਆ ਸੀ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਘਬਰਾਹਟ ’ਚ ਨਾ ਆਉਣ ਪਰ ਨਾਲ ਦੀ ਨਾਲ ਸਿਹਤ ਵਿਭਾਗ ਵੱਲੋਂ ਦੱਸੀ ਹਰ ਸਾਵਧਾਨੀ ਦਾ ਸਖ਼ਤੀ ਨਾਲ ਪਾਲਣ ਕਰਨ।