ਜੋਗਿੰਦਰ ਸਿੰਘ ਮਾਨ
ਮਾਨਸਾ, 22 ਅਕਤੂਬਰ
ਪੰਜਾਬ ਵਿੱਚ ਮੌਸਮ ਠੰਢਾ ਹੋਣ ਕਾਰਨ ਬਿਜਲੀ ਦੀ ਖਪਤ ਘਟ ਗਈ ਹੈ ਪਰ ਸੂਬੇ ਦੇ ਰੋਪੜ, ਲਹਿਰਾ ਮੁਹੱਬਤ ਅਤੇ ਗੋਬਿੰਦਵਾਲ ਤਾਪ ਘਰਾਂ ਦੇ 10 ਯੂਨਿਟ ਅੱਜ ਬਿਲਕੁਲ ਬੰਦ ਹੋ ਗਏ ਹਨ। ਇਸ ਦੌਰਾਨ ਮਾਨਸਾ ਨੇੜਲੇ ਬਣਾਂਵਾਲਾ ਤਾਪ ਘਰ ਨੇ ਸੂਬੇ ਲਈ ਸਭ ਤੋਂ ਵੱਧ ਲਗਭਗ 1866 ਮੈਗਾਵਾਟ ਬਿਜਲੀ ਸਪਲਾਈ ਕੀਤੀ ਉੱਥੇ ਹੀ ਰਾਜਪੁਰਾ ਦੇ 1400 ਮੈਗਾਵਾਟ ਸਮਰੱਥਾ ਵਾਲੇ ਐੱਲ ਐਂਡ ਟੀ ਦੇ ਇਸ ਤਾਪ ਘਰ ਨੇ ਅੱਜ ਲਗਭਗ 665 ਮੈਗਾਵਾਟ ਬਿਜਲੀ ਪੈਦਾਵਾਰ ਕੀਤੀ।
ਬਣਾਂਵਾਲਾ ਤਾਪ ਘਰ ਤਲਵੰਡੀ ਸਾਬੋ ਪਾਵਰ ਲਿਮਟਿਡ (ਟੀਐੱਸਪੀਐੱਲ) ਦੇ ਪ੍ਰਬੰਧਕਾਂ ਪਾਸੋਂ ਮਿਲੀ ਜਾਣਕਾਰੀ ਅਨੁਸਾਰ ਪਹਿਲੇ ਯੂਨਿਟ ਨੇ 616, ਦੂਜੇ 621 ਤੇ ਤੀਜੇ ਯੂਨਿਟ ਨੇ 629 ਮੈਗਾਵਾਟ ਦੇ ਲਗਭਗ ਬਿਜਲੀ ਸਪਲਾਈ ਕੀਤੀ ਹੈ। ਤਾਪ ਘਰ ਵਿੱਚ ਹੁਣ ਕੋਲੇ ਦੀ ਕਿੱਲਤ ਦੂਰ ਹੋ ਗਈ ਹੈ, ਜਿਸ ਕਾਰਨ ਪੈਦਾਵਾਰ ਦੀ ਗੁੰਜਾਇਸ਼ ਨੂੰ ਵਧਾਇਆ ਗਿਆ ਹੈ। ਇਸੇ ਤਰ੍ਹਾਂ ਐੱਲ ਐਂਡ ਟੀ ਤਾਪ ਘਰ ਰਾਜਪੁਰਾ ਵੱਲੋਂ ਹਰ ਰੋਜ਼ ਨਾਲੋਂ ਅੱਜ ਅੱਧੀ ਬਿਜਲੀ ਪੈਦਾਵਾਰ ਕੀਤੀ ਗਈ ਹੈ। ਇਹ ਤਾਪ ਘਰ ਕਈ ਦਿਨਾਂ ਤੋਂ 1250 ਮੈਗਾਵਾਟ ਤੋਂ ਰੋਜ਼ਾਨਾ ਬਿਜਲੀ ਸਪਲਾਈ ਦਿੰਦਾ ਰਿਹਾ ਹੈ ਪਰ ਅੱਜ ਇਸ ਦੇ ਦੋਵੇਂ ਯੂਨਿਟ ਅੱਧੇ-ਅੱਧੇ ਚੱਲ ਰਹੇ ਹਨ। ਯੂਨਿਟ ਨੰਬਰ-1 ਤੋਂ 340 ਮੈਗਾਵਾਟ ਤੇ ਯੂਨਿਟ ਨੰਬਰ-2 ਤੋਂ 325 ਮੈਗਾਵਾਟ ਤਹਿਤ ਕੁੱਲ 665 ਮੈਗਾਵਾਟ ਬਿਜਲੀ ਸਪਲਾਈ ਕੀਤੀ ਜਾ ਰਹੀ ਹੈ। ਇਸੇ ਦੌਰਾਨ ਜੀਵੀਕੇ ਗੋਇੰਦਵਾਲ ਦਾ ਚੱਲ ਰਿਹਾ ਇੱਕ ਯੂਨਿਟ ਵੀ ਬੰਦ ਹੋ ਗਿਆ ਹੈ।
ਉਧਰ ਸਰਕਾਰੀ ਤਾਪ ਘਰਾਂ ’ਚੋਂ ਹਾਸਲ ਜਾਣਕਾਰੀ ਮੁਤਾਬਕ ਜੀਜੀਐੱਸਐੱਸਟੀਪੀ ਰੋਪੜ ਤੇ ਜੀਐੱਚਟੀਪੀ ਲਹਿਰਾ ਮੁਹੱਬਤ ਦੇ ਲਗਾਤਾਰ ਛੇ ਦਿਨਾਂ ਤੋਂ 4-4 ਯੂਨਿਟ ਅੱਜ ਵੀ ਬੰਦ ਰਹੇ।