ਹਰਦੀਪ ਸਿੰਘ
ਫਤਹਿਗੜ੍ਹ ਪੰਜਤੂਰ, 3 ਮਈ
ਪੰਜਾਬ ਦਾ ਪੋਲਟਰੀ ਉਦਯੋਗ ਮੰਦੀ ਦੀ ਮਾਰ ਹੇਠ ਆਇਆ ਹੋਇਆ ਹੈ। ਜਿਸ ਕਾਰਨ ਪੋਲਟਰੀ ਉਦਯੋਗ ਮਾਲਕਾਂ ਨੂੰ ਵਿੱਤੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਰੋਨਾ ਕਾਲ ਤੋਂ ਬਾਅਦ ਦੂਸਰੀ ਵਾਰ ਵੱਡੇ ਪੱਧਰ ’ਤੇ ਪੋਲਟਰੀ ਉਦਯੋਗ ਨੂੰ ਆਰਥਿਕ ਤੌਰ ’ਤੇ ਰਗੜਾ ਲੱਗਿਆ ਹੈ। ਇੱਥੋਂ ਦੇ ਇੱਕ ਪੋਲਟਰੀ ਉਦਯੋਗ ਦੇ ਮਾਲਕ ਗੁਰਮੀਤ ਸਿੰਘ ਨੇ ਦੱਸਿਆ ਕਿ ਅੱਧ ਫਰਵਰੀ ਤੋਂ ਹੀ ਉਸ ਵੇਲੇ ਪੋਲਟਰੀ ਉਦਯੋਗ ਮੰਦੀ ਵਿੱਚ ਆਉਣਾ ਸ਼ੁਰੂ ਹੋ ਗਿਆ ਸੀ, ਜਦੋਂ ਅੰਡਿਆਂ ਦਾ ਭਾਅ ਘੱਟਣ ਲੱਗਾ ਸੀ। ਉਨ੍ਹਾਂ ਦੱਸਿਆ ਕਿ ਅੱਧ ਫਰਵਰੀ ਤੱਕ ਪੰਜ ਸੌ ਰੁਪਏ ਪ੍ਰਤੀ ਸੈਂਕੜਾ ਅੰਡੇ ਦਾ ਭਾਅ ਸੀ ਪਰ ਮੌਜੂਦਾ ਸਮੇਂ ਅੰਡੇ ਦਾ ਭਾਅ ਦੋ ਸੌ ਨੱਬੇ ਰੁਪਏ ਪ੍ਰਤੀ ਸੈਂਕੜਾ ਰਹਿ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਮੱਕੀ, ਬਾਜਰਾ ਅਤੇ ਚੌਲ ਦੀ ਕਣੀ ਜੋ ਕਿ ਮੁਰਗੀਆਂ ਦੀ ਮੁੱਖ ਖ਼ੁਰਾਕ ਵਿੱਚ ਸ਼ਾਮਲ ਹੈ, ਦੇ ਰੇਟਾਂ ਵਿੱਚ ਇਨ੍ਹਾਂ ਤਿੰਨਾਂ ਮਹੀਨਿਆਂ ਵਿੱਚ ਹੱਦ ਦਰਜੇ ਦੀ ਤੇਜ਼ੀ ਆਈ ਹੈ। ਇਸ ਤੋਂ ਇਲਾਵਾ ਪਿਛਲੇ ਦੋ ਮਹੀਨਿਆਂ ਤੋਂ ਬਿਜਲੀ ਦੇ ਲੱਗ ਰਹੇ ਲੰਬੇ ਲੰਬੇ ਕੱਟਾ ਸਦਕਾ ਡੀਜ਼ਲ ਤੇਲ ਦੀ ਵਧੀ ਖਪਤ ਨਾਲ ਪੋਲਟਰੀ ਉਦਯੋਗ ਨੂੰ ਆਰਥਿਕ ਤੌਰ ’ਤੇ ਭਾਰੀ ਨੁਕਸਾਨ ਪੁੱਜਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕਰਦੇ ਹੋਏ ਕਿਹਾ ਕਿ ਪੋਲਟਰੀ ਉਦਯੋਗ ਵਾਲੀਆਂ ਵਸਤੂਆਂ ਤੇ ਫੌਰੀ ਸਬਸਿਡੀ ਦਿੱਤੀ ਜਾਵੇ।