ਲਖਵੀਰ ਸਿੰਘ ਚੀਮਾ
ਟੱਲੇਵਾਲ, 10 ਜੂਨ
ਪਿੰਡ ਕੈਰੇ ਅਤੇ ਨਾਈਵਾਲਾ ਦੇ ਵਿਚਕਾਰ ਬਣੇ ਪੋਲਟਰੀ ਫ਼ਾਰਮ ਦਾ ਮਸਲਾ ਮੁੜ ਭਖ ਗਿਆ ਹੈ ਜਿਸ ਨੂੰ ਲੈ ਕੇ ਅੱਜ ਪਿੰਡ ਨਾਈਵਾਲਾ ਦੇ ਲੋਕਾਂ ਵਲੋਂ ਸੜਕ ਜਾਮ ਕਰਕੇ ਧਰਨਾ ਦਿੱਤਾ।
ਧਰਨਾਕਾਰੀਆਂ ਪਿੰਡ ਨਾਈਵਾਲਾ ਦੇ ਸਰਪੰਚ ਜਤਿੰਦਰ ਸਿੰਘ, ਬੀਕੇਯੂ ਕਾਦੀਆਂ ਦੇ ਸਰਕਲ ਪ੍ਰਧਾਨ ਲਖਵਿੰਦਰ ਲਾਲੀ, ਦਵਿੰਦਰ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਇਸ ਪੋਲਟਰੀ ਫ਼ਾਰਮ ਤੋਂ ਪੈਦਾ ਹੋਈਆਂ ਮੱਖੀਆਂ ਕਾਰਨ ਦੋਵੇਂ ਪਿੰਡਾਂ ਦੇ ਲੋਕ ਦੁਖੀ ਹਨ। ਲੋਕਾਂ ਦੇ ਵਿਰੋਧ ਤੋਂ ਬਾਅਦ ਐਸਡੀਐਮ ਬਰਨਾਲਾ ਨੇ ਪੋਲਟਰੀ ਫ਼ਾਰਮ ਨੂੰ ਬੰਦ ਕਰਨ ਦਾ ਹੁਕਮ ਦਿੱਤਾ ਸੀ ਜਿਸ ਤੋਂ ਬਾਅਦ ਇਹ ਮਾਮਲਾ ਅਦਾਲਤ ਵਿੱਚ ਚਲਿਆ ਗਿਆ ਅਤੇ ਅਦਾਲਤ ਵਲੋਂ ਵੀ ਇਸ ਪੋਲਟਰੀ ਫ਼ਾਰਮ ਨੂੰ ਬੰਦ ਕਰਨ ਲਈ ਦੋ ਮਹੀਨਿਆਂ ਦਾ ਸਮਾਂ ਦਿੱਤਾ ਗਿਆ ਸੀ। ਜਿਸ ਕਰਕੇ ਅੱਜ ਫ਼ੈਸਲੇ ਅਨੁਸਾਰ 10 ਦਿਨ ਉਪਰ ਹੋ ਚੁੱਕੇ ਹਨ ਅਤੇ ਜਿਲ੍ਹਾ ਪ੍ਰਸ਼ਾਸਨ ਇਸ ਪੋਲਟਰੀ ਫ਼ਾਰਮ ਨੂੰ ਬੰਦ ਨਹੀਂ ਕਰ ਰਿਹਾ। ਉਨ੍ਹਾਂ ਮੰਗ ਕੀਤੀ ਕਿ ਇਸ ਪੋਲਟਰੀ ਫ਼ਾਰਮ ਨੂੰ ਬੰਦ ਕਰਕੇ ਮਾਲਕ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਧਰਨੇ ’ਤੇ ਪਹੁੰਚੇ ਥਾਣਾ ਸਦਰ ਦੇ ਐਸਐਚਓ ਗੁਰਤਾਰ ਸਿੰਘ ਨੇ ਪ੍ਰਦਰਸ਼ਨਕਾਰੀਆਂ ਨਾਲ ਗੱਲ ਕਰਕੇ ਧਰਨਾ ਚੁਕਵਾਇਆ। ਉਨ੍ਹਾਂ ਕਿਹਾ ਕਿ ਕਾਨੂੰਨ ਅਨੁਸਾਰ ਜੋ ਵੀ ਕਾਰਵਾਈ ਬਣੇਗੀ, ਉਹ ਕੀਤੀ ਜਾਵੇਗੀ।