ਪਰਮਜੀਤ ਸਿੰਘ
ਫਾਜ਼ਿਲਕਾ, 31 ਅਕਤੂਬਰ
ਇੱਥੇ ਰਹਿੰਦੇ ਇੱਕ ਗ਼ਰੀਬ ਪਰਿਵਾਰ ਨੂੰ ਬਿਜਲੀ ਮਹਿਕਮੇ ਦੀ ਬੇਰੁਖ਼ੀ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਇਸ ਸਬੰਧੀ ਸੋਨੂ ਅਤੇ ਉਸਦੀ ਪਤਨੀ ਸੁਨੀਤਾ ਵਾਸੀ ਹੈਂਡ ਗਰੋਵਰ ਕਲੋਨੀ ਫਾਜ਼ਿਲਕਾ ਨੇ ਦੱਸਿਆ ਕਿ ਉਹ ਬਹੁਤ ਗ਼ਰੀਬ ਹਨ ਅਤੇ ਪਿਛਲੇ ਲਗਭਗ 25 ਤੋਂ 30 ਸਾਲਾਂ ਤੋਂ ਇੱਥੇ ਇੱਕ ਝੌਪੜੀ ’ਚ ਰਹਿ ਰਹੇ ਹਨ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਉਨ੍ਹਾਂ ਕੋਲ ਇੱਕ ਪੁਲੀਸ ਅਧਿਕਾਰੀ ਆਇਆ ਅਤੇ ਉਨ੍ਹਾਂ ਨੂੰ ਇੱਕ ਨੋਟਿਸ ਦਿੰਦਿਆਂ ਬਠਿੰਡਾ ਪੇਸ਼ ਹੋਣ ਦੀ ਗੱਲ ਕਹੀ। ਜਦੋਂ ਉਨ੍ਹਾਂ ਪੁਲੀਸ ਅਧਿਕਾਰੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ’ਤੇ ਬਿਜਲੀ ਵਿਭਾਗ ਦੇ ਦਫ਼ਤਰ ਫਾਜ਼ਿਲਕਾ ਵੱਲੋਂ 60,000 ਰੁਪਏ ਜੁਰਮਾਨਾ ਕੀਤਾ ਗਿਆ ਹੈ ਅਤੇ ਫੌਜਦਾਰੀ ਕੇਸ ਦਰਜ ਕਰਵਾਇਆ ਗਿਆ ਹੈ। ਪੀੜਤ ਪਰਿਵਾਰ ਨੇ ਕਿਹਾ ਕਿ ਵਿਭਾਗ ਵੱਲੋਂ ਇਸ ਤੋਂ ਪਹਿਲਾਂ ਉਨ੍ਹਾਂ ਨੂੰ ਕੋਈ ਨੋਟਿਸ ਨਹੀਂ ਆਇਆ।
ਉਹ ਇੱਥੇ ਆਪਣੀ ਇਕ ਝੌਂਪੜੀ ਵਿੱਚ ਰਹਿ ਰਹੇ ਹਨ ਅਤੇ ਉਨ੍ਹਾਂ ਕੋਲ ਕੇਵਲ ਇੱਕ ਪੱਖਾ ਅਤੇ ਬੱਲਬ ਹੈ। ਪੀੜਤ ਪਰਿਵਾਰ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਮੰਗ ਕੀਤੀ ਕਿ ਉਹ ਉਨ੍ਹਾਂ ਨੂੰ ਵਿਭਾਗ ਵੱਲੋਂ ਲਾਇਆ ਗਿਆ ਜੁਰਮਾਨਾ ਮੁਆਫ਼ ਕਰਵਾਉਣ।
ਮਾਮਲੇ ਦਾ ਹੱਲ ਕਰਾਂਗੇ: ਘੁਬਾਇਆ
ਵਿਧਾਇਕ ਦਵਿੰਦਰ ਘੁਬਾਇਆ ਨੇ ਕਿਹਾ ਕਿ ਪੀੜਤ ਪਰਿਵਾਰ ਉਨ੍ਹਾਂ ਨੂੰ ਇੱਕ ਅਰਜ਼ੀ ਦੇਵੇ ਅਤੇ ਉਹ ਤੁਰੰਤ ਜੁਰਮਾਨੇ ਅਤੇ ਕੇਸ ਦਾ ਨਿਪਟਾਰਾ ਕਰਵਾਉਣਗੇ।