ਪ੍ਰਭੂ ਦਿਆਲ
ਸਿਰਸਾ, 9 ਮਈ
ਇੱਥੋਂ ਦੇ ਹੁੱਡਾ ਸੈਕਟਰ 20 ’ਚ ਬੀਤੇ ਦਿਨੀਂ ਹੋਏ ਕਤਲ ਦੀ ਗੁੱਥੀ ਪੁਲੀਸ ਨੇ ਸੁਲਝਾਉਣ ਦਾ ਦਾਆਵਾ ਕੀਤਾ ਹੈ। ਇਸ ਮਾਮਲੇ ਵਿੱਚ ਪੁਲੀਸ ਨੇ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੀ ਪਛਾਣ ਦੀਪਕ ਉਰਫ ਗੋਲੀਆ ਵਜੋਂ ਕੀਤੀ ਗਈ ਹੈ। ਇਸ ਸਬੰਧੀ ਡੀਐਸਪੀ ਆਰਿਅਨ ਚੌਧਰੀ ਨੇ ਦੱਸਿਆ ਕਿ ਬੀਤੇ ਦਿਨ ਹੁੱਡਾ ਸੈਕਟਰ 20 ਨੇੜਿਓਂ ਕਾਰ ’ਚੋਂ ਦਕਸ਼ ਪਚਾਰ ਦੀ ਮਿਲੀ ਲਾਸ਼ ਦਾ ਮਾਮਲਾ ਪੁਲੀਸ ਨੇ ਸੁਲਝਾ ਲਿਆ ਹੈ। ਦਕਸ਼ ਪਚਾਰ ਦਾ ਕਥਿਤ ਰੂਪ ’ਚ ਨਸ਼ੇ ਦੀ ਜ਼ਿਆਦਾ ਡੋਜ਼ ਦੇਣ ਮਗਰੋਂ ਕਤਲ ਕੀਤਾ ਗਿਆ ਸੀ। ਪੁਲੀਸ ਨੇ ਇਸ ਮਾਮਲੇ ਵਿੱਚ ਦੀਪਕ ਉਰਫ ਗੋਲੀਆ ਨਾਂ ਦੇ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਲਿਆ ਜਾਵੇਗਾ ਤਾਂ ਜੋ ਇਸ ਕਤਲ ਨਾਲ ਜੁੜੇ ਹੋਰ ਤੱਥਾਂ ਨੂੰ ਇਕਠਾ ਕਰਕੇ ਮੁਲਜ਼ਮ ਨੂੰ ਅਦਾਲਤ ’ਚ ਸਜਾ ਦਿਵਾਈ ਜਾ ਸਕੇ।
ਇਥੇ ਜਿਕਰਯੋਗ ਹੈ ਕਿ ਬੀਤੇ ਕੱਲ ਹੁੱਡਾ ਸੈਕਟਰ 20 ਦੇ ਨੇੜੇ ਇਕ ਕਾਰ ਚੋਂ ਇਕ ਨੌਜਵਾਨ ਦੀ ਲਾਸ਼ ਮਿਲੀ ਸੀ ਜਿਸ ਦੇ ਸਿਰ ’ਚ ਸੱਟਾਂ ਦੇ ਨਿਸ਼ਾਨ ਸਨ। ਮ੍ਰਿਤਕ ਦੇ ਮਾਪਿਆਂ ਵੱਲੋਂ ਦਕਸ਼ ਦੇ ਕਤਲ ਹੋਣ ਦਾ ਖਦਸ਼ਾ ਪ੍ਰਗਟਾਇਆ ਗਿਆ ਜਿਸ ਮਗਰੋਂ ਪੁਲੀਸ ਨੇ ਇਸ ਮਾਮਲੇ ਦੀ ਜਾਂਚ ਲਈ ਟੀਮਾਂ ਦਾ ਗਠਨ ਕੀਤਾ। ਪੁਲੀਸ ਨੇ ਤੱਥਾਂ ਨੂੰ ਇਕੱਠਾ ਕਰਦਿਆਂ ਇਸ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ ਤੇ ਇਸ ਮਾਮਲੇ ਵਿੱਚ ਇਕ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ।