ਜਸਵੰਤ ਜੱਸ
ਫ਼ਰੀਦਕੋਟ, 31 ਜੁਲਾਈ
ਖੇਤੀਬਾੜੀ ਤੇ ਕਿਸਾਨ ਭਲਾਈ ਪੰਜਾਬ ਦੇ ਡਾਇਰੈਕਟਰ ਡਾ. ਗੁਰਵਿੰਦਰ ਸਿੰਘ ਵੱਲੋਂ ਮਿਲੀ ਸੂਚਨਾ ਦੇ ਆਧਾਰ ’ਤੇ ਫ਼ਰੀਦਕੋਟ ਪੁਲੀਸ ਨੇ ਇਕ ਟਾਟਾ ਏਸ ਗੱਡੀ ’ਚੋਂ ਗੈਰ-ਕਾਨੂੰਨੀ ਉੱਲੀ ਨਾਸ਼ਕ ਦਵਾਈਆਂ ਫੜਨ ਦਾ ਦਾਅਵਾ ਕੀਤਾ ਹੈ।
ਇਸ ਸਬੰਧੀ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਕਰਨਜੀਤ ਸਿੰਘ ਗਿੱਲ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਦੀ ਟੀਮ ਵੱਲੋਂ ਏਐੱਸਆਈ ਬਲਵਿੰਦਰ ਸਿੰਘ ਦੀ ਹਾਜ਼ਰੀ ਵਿੱਚ ਜਦੋਂ ਫੜੀਆਂ ਗਈਆਂ ਦਵਾਈਆਂ ਦੀ ਪੜਤਾਲ ਕੀਤੀ ਗਈ ਤਾਂ ਗੱਡੀ ਵਿੱਚ ਮੈਸਰਜ਼ ਗਰੀਨ ਐਗਰੋਕੈਮੀਕਲਜ਼ ਅਹਿਮਦਾਬਾਦ ਵੱਲੋਂ ਬਣਾਈਆਂ ਤੇ ਮਾਰਕੀਟ ਕੀਤੀਆਂ ਉੱਲੀ ਨਾਸ਼ਕ ਅਜੌਕਸੀਸਟਰੋਬਿਨ 11% + ਟੈਬੂਕੋਨਾਜ਼ੋਲ 18.3% ਡਬਲਿਊ ਡਬਲਿਊ ਐਸ.ਸੀ. (ਸਿਡੋਨ) ਦਵਾਈਆਂ 500 ਲਿਟਰ (50 ਡੱਬੇ) ਪਾਈ ਗਈ। ਮੁੱਖ ਖੇਤੀਬਾੜੀ ਅਫ਼ਸਰ ਡਾ. ਕਰਨਜੀਤ ਸਿੰਘ ਗਿੱਲ ਨੇ ਦੱਸਿਆ ਕਿ ਪੜਤਾਲੀਆ ਟੀਮ ਵਿੱਚ ਉਨ੍ਹਾਂ ਨਾਲ ਏਡੀਓ ਡਾ. ਅਰਸ਼ਦੀਪ ਕੌਰ ਅਤੇ ਡਾ. ਲਖਬੀਰ ਸਿੰਘ ਵੀ ਹਾਜ਼ਰ ਸਨ।
ਉਨ੍ਹਾਂ ਦੱਸਿਆ ਕਿ ਦਵਾਈਆਂ ਵਾਲੀ ਗੱਡੀ ਦੇ ਡਰਾਈਵਰ ਗੁਰਸੇਵਕ ਸਿੰਘ ਅਤੇ ਕ੍ਰਿਸ਼ਨ ਕੁਮਾਰ ਕੋਲ ਇਸ ਉੱਲੀ ਨਾਸ਼ਕ ਦਵਾਈ ਦਾ ਕੋਈ ਪੱਕਾ ਬਿੱਲ ਨਹੀਂ ਸੀ ਅਤੇ ਨਾ ਹੀ ਕੋਈ ਹੋਰ ਜ਼ਰੂਰੀ ਕਾਗਜ਼ਾਤ ਸਨ। ਉਨ੍ਹਾਂ ਵਿਅਕਤੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਦਵਾਈ ਵੀ.ਆਰ.ਐੱਲ. ਟਰਾਂਸਪੋਰਟ ਬਠਿੰਡਾ ਤੋਂ ਚੁੱਕੀ ਹੈ ਤੇ ਪਿੰਡ ਜਲਾਲ ਪਹੁੰਚਦੀ ਕਰਨੀ ਸੀ ਅਤੇ ਇਹ ਦਵਾਈ ਜਸਵਿੰਦਰ ਸਿੰਘ ਵਾਸੀ ਬਠਿੰਡਾ ਅਤੇ ਬਖਸ਼ੀਸ਼ ਸਿੰਘ ਉਰਫ ਸ਼ੀਸ਼ਾ ਵਾਸੀ ਜੀਦਾ ਕੋਲੋਂ ਪ੍ਰਾਪਤ ਕੀਤੀ ਹੈ।
ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਪੜਤਾਲ ਕਰਨ ’ਤੇ ਪਤਾ ਲੱਗਾ ਕਿ ਇਸ ਦਵਾਈ ਵਾਲੀ ਕੰਪਨੀ ਮੈਸਰਜ਼ ਗਰੀਨ ਐਗਰੋਕੈਮੀਕਲਜ਼ ਦੀ ਦਵਾਈ ਪੰਜਾਬ ਵਿੱਚ ਵੇਚਣ ਜਾਂ ਬਣਾਉਣ ਦੀ ਆਗਿਆ ਨਹੀਂ ਹੈ। ਇਸ ਦਵਾਈ ਦੇ ਬੈਚ ਜੀਏਸੀ /01 ਦਾ ਸੈਂਪਲ ਮੌਕੇ ’ਤੇ ਭਰ ਲਿਆ ਗਿਆ ਜਿਸ ਨੂੰ ਲੈਬਾਰਟਰੀ ’ਚ ਟੈਸਟ ਕਰਵਾਇਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਸ ਦਵਾਈ ਨੂੰ ਇਨਸੈਕਟੀਸਾਈਡਸ ਐਕਟ 1968 ਦੀ ਧਾਰਾ 21(1)(ਡੀ) ਤਹਿਤ ਸੀਲ ਕੀਤਾ ਗਿਆ ਅਤੇ ਬਾਜਾਖਾਨਾ ਪੁਲੀਸ ਹਵਾਲੇ ਕਰ ਦਿੱਤਾ ਹੈ। ਪੁਲੀਸ ਨੇ ਗੁਰਸੇਵਕ ਸਿੰਘ ਅਤੇ ਕ੍ਰਿਸ਼ਨ ਕੁਮਾਰ ਨੂੰ ਹਿਰਾਸਤ ’ਚ ਲੈ ਕੇ ਕੇਸ ਦਰਜ ਕਰ ਲਿਆ ਹੈ।