ਜੋਗਿੰਦਰ ਮਾਨ/ ਬਲਜੀਤ ਸਿੰਘ/ ਜੀਵਨ ਕ੍ਰਾਂਤੀ
ਮਾਨਸਾ/ਸਰਦੂਲਗੜ੍ਹ/ ਝੁਨੀਰ, 11 ਜੂਨ
ਪਿਛਲੇ ਸਾਲ ਨਰਮੇ ਦੀ ਫਸਲ ‘ਤੇ ਹੋਏ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਨੁਕਸਾਨੇ ਨਰਮੇ ਕਾਰਨ ਆਰਥਿਕ ਤੰਗੀ ਝੱਲ ਰਹੇ ਕਿਸਾਨ ਹਾਲੇ ਸੰਭਲੇ ਵੀ ਨਹੀਂ ਕਿ ਹੁਣ ਇਸ ਵਾਰ ਮੁੜ ਨਰਮੇ ਦੀ ਫਸਲ ’ਤੇ ਗੁਲਾਬੀ ਸੁੰਡੀ ਨੇ ਹਮਲਾ ਕਰ ਦਿੱਤਾ ਹੈ। ਅਗੇਤੇ ਬੀਜੇ ਨਰਮੇ ਦੇ ਜਿਉਂ ਹੀ ਫੁੱਲ ਬਣਨੇ ਸ਼ੁਰੂ ਹੋਏ ਤਾਂ ਫੁੱਲ ‘ਚ ਹੀ ਗੁਲਾਬੀ ਸੁੰਡੀ ਵੇਖਣ ਨੂੰ ਮਿਲ ਰਹੀ ਹੈ, ਜਿਸ ਕਰਕੇ ਕਿਸਾਨ ਭਿਆਨਕ ਹਮਲੇ ਤੋਂ ਡਰ ਵਿੱਚ ਹਨ। ਪਿੰਡ ਭਲਾਈਕੇ ਵਿਖੇ ਨਰਮੇ ਦੀ ਫਸਲ ‘ਤੇ ਹੋਏ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਕਿਸਾਨ ਰਾਮ ਸਿੰਘ ਵੱਲੋਂ ਆਪਣੀ ਡੇਢ ਏਕੜ ਨਰਮੇ ਦੀ ਫਸਲ ਵਾਹ ਦਿੱਤੀ ਹੈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਲੋਕਲ ਕਮੇਟੀ ਦੇ ਆਗੂ ਅਤੇ ਵਰਕਰ ਵੀ ਹਾਜ਼ਰ ਸਨ। ਅਮਰੀਕ ਸਿੰਘ, ਨਾਜਰ ਸਿੰਘ, ਗੁਰਦੀਪ ਸਿੰਘ, ਸੁੱਖਾ ਸਿੰਘ, ਗੁਰਵਿੰਦਰ ਸਿੰਘ’ ਰਾਮ ਸਿੰਘ, ਜਗਰਾਜ ਸਿੰਘ ਤੇ ਮਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਸਰ੍ਹੋਂ ਵਾਲੇ ਖੇਤ ਵਿੱਚ ਅਗੇਤਾ ਨਰਮਾ ਬੀਜਿਆ ਸੀ, ਜਿਸ ਨੂੰ ਫੁੱਲ ਪੈਣ ਸਾਰ ਹੀ ਗੁਲਾਬੀ ਸੁੰਡੀ ਨੇ ਆਪਣੀ ਲਪੇਟ ਵਿੱਚ ਲੈ ਲਿਆ ਹੈ। ਉਂਝ ਪਿੰਡ ਦੇ ਕਈ ਏਕੜ ਨਰਮੇ ਵਿੱਚ ਸੁੰਡੀ ਦਾ ਹਮਲਾ ਹੋ ਚੁੱਕਿਆ ਹੈ, ਜਦੋਂ ਕਿ ਇਹ ਵੀ ਖਦਸ਼ਾ ਹੈ ਕਿ ਆਉਣ ਵਾਲੇ ਸਮੇਂ ਵਿਚ ਇਹ ਸੁੰਡੀ ਦਾ ਹਮਲਾ ਹੋਰ ਵੀ ਰਕਬੇ ਨੂੰ ਆਪਣੀ ਲਪੇਟ ਵਿਚ ਲਵੇਗਾ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਨਰਮੇ ਦੀ ਫ਼ਸਲ ਗੁਲਾਬੀ ਸੁੰਡੀ ਨੇ ਬਿਲਕੁਲ ਬਰਬਾਦ ਕਰ ਦਿੱਤੀ ਸੀ ਤੇ ਕਿਸਾਨ ਆਰਥਿਕ ਤੰਗੀ ਨਾਲ ਜੂਝ ਰਿਹਾ ਸੀ ਕਿਸਾਨਾਂ ਵੱਲੋਂ ਧਰਨੇ ਮੁਜ਼ਾਹਰੇ ਕੀਤੇ ਗਏ ਤੇ ਸਰਕਾਰ ਅਤੇ ਸਬੰਧਤ ਮਹਿਕਮੇ ਤੋਂ ਇਹ ਮੰਗ ਕੀਤੀ ਜਾ ਰਹੀ ਸੀ ਕਿ ਕਿਸਾਨਾਂ ਨੂੰ ਚੰਗੀ ਕਿਸਮ ਦੇ ਉੱਤਮ ਬੀਜ ਮੁਹੱਈਆ ਕਰਵਾਏ ਜਾਣ। ਬੇਸ਼ੱਕ ਬੀਜ ਕੰਪਨੀਆਂ ਇਸ ਵਾਰ ਆਪਣੇ ਬੀਜ ਵੇਚਣ ਲਈ ਗੁਲਾਬੀ ਸੁੰਡੀ ਨਾ ਪੈਣ ਦੇ ਦਾਅਵੇ ਕਰਦੀਆਂ ਸਨ। ਕਿਸਾਨਾਂ ਵੱਲੋਂ ਬੀਜ ਪੱਕੇ ਬਿਲ ’ਤੇ ਖਰੀਦ ਕੇ ਬੀਜੇ ਗਏ ਹਨ ਪਰ ਫੇਰ ਵੀ ਨਰਮੇ ਦੀ ਫ਼ਸਲ ’ਤੇ ਗੁਲਾਬੀ ਸੁੰਡੀ ਨੇ ਹਮਲਾ ਕਰ ਦਿੱਤਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਨਹਿਰੀ ਪਾਣੀ ਦੀ ਬਹੁਤ ਵੱਡੀ ਘਾਟ ਹੈ। ਪਿੰਡ ਟੇਲ ’ਤੇ ਪੈਣ ਕਰਕੇ ਪਾਣੀ ਤਾਂ ਪਹਿਲਾਂ ਹੀ ਨਹੀਂ ਪਹੁੰਚਦਾ ਸੀ। ਧਰਤੀ ਹੇਠਲਾ ਪਾਣੀ ਸ਼ੋਰੇਵਾਲਾ ਹੋਣ ਕਰਕੇ ਕੋਈ ਫ਼ਸਲ ਨਹੀਂ ਹੁੰਦੀ। ਉਨ੍ਹਾਂ ਨੂੰ ਸਿਰਫ ਨਰਮੇ ਅਤੇ ਕਣਕ ਦੀ ਫਸਲ ਤੋਂ ਹੀ ਆਸਾਂ ਹੁੰਦੀਆਂ ਹਨ। ਹੁਣ ਨਰਮੇ ਦੀ ਫਸਲ ਵਾਹ ਦਿੱਤੀ ਹੈ ਕੋਈ ਹੋਰ ਫ਼ਸਲ ਬੀਜੀ ਨਹੀਂ ਜਾ ਸਕਦੀ। ਸਿਰਫ ਕਣਕ ਹੀ ਬੀਜੀ ਜਾਵੇਗੀ ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਪਿੰਡਾਂ ਨੂੰ ਲੋੜ ਅਨੁਸਾਰ ਨਹਿਰੀ ਪਾਣੀ ਦੀ ਘਾਟ ਪੂਰੀ ਕੀਤੀ ਜਾਵੇ ਅਤੇ ਹੋਏ ਨੁਕਸਾਨ ਦਾ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇ ਅਤੇ ਬੀਜ ਕੰਪਨੀਆਂ ਦੀ ਜਾਂਚ ਕਰਕੇ ਉਨ੍ਹਾਂ ਤੋਂ ਜਵਾਬਦੇਹੀ ਮੰਗੀ ਜਾਵੇ ਤਾਂ ਕਿ ਕਿਸਾਨਾਂ ਦੀ ਭਰਪਾਈ ਹੋ ਸਕੇ।