ਪੱਤਰ ਪ੍ਰੇਰਕ
ਮਾਨਸਾ, 18 ਫਰਵਰੀ
ਸੰਯੁਕਤ ਸਮਾਜ ਮੋਰਚਾ ਦੇ ਸਰਦੂਲਗੜ੍ਹ ਤੋਂ ਉਮੀਦਵਾਰ ਛੋਟਾ ਸਿੰਘ ਮੀਆਂ ਨੇ ਦੋਸ਼ ਲਾਇਆ ਕਿ ਇਸ ਵਾਰ ਵਿਧਾਨ ਸਭਾ ਚੋਣਾਂ ਦੌਰਾਨ ਕਿਸੇ ਵੀ ਸੱਤਾਧਾਰੀ ਧੜੇ ਦੇ ਹੱਕ ਵਿਚ ਜਨਤਾ ਵਿਚ ਕੋਈ ਜੋਸ਼ ਜਾਂ ਲਹਿਰ ਨਹੀਂ ਹੈ, ਜਿਸ ਕਾਰਨ ਇਨਕਲਾਬੀ ਬਦਲ ਵਜੋਂ ਮੋਰਚੇ ਦੇ ਉਮੀਦਵਾਰਾਂ ਨੂੰ ਮਜ਼ਦੂਰਾਂ-ਕਿਸਾਨਾਂ ਅਤੇ ਨੌਜਵਾਨਾਂ ਵਲੋਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਆਪਣੇ ਹੱਕ ਵਿਚ ਮਾਹੌਲ ਬਣਦਾ ਨਾ ਦੇਖ ਕੇ ਬੁਖਲਾਏ ਹੋਏ ਅਕਾਲੀ ਅਤੇ ਕਾਂਗਰਸੀ ਅੰਦਰ ਖਾਤੇ ਅੰਨੇਵਾਹ ਪੈਸੇ ਅਤੇ ਨਸ਼ੇ ਵੰਡਣ ਲਈ ਯਤਨਸ਼ੀਲ ਹਨ, ਪਰ ਪਾਰਟੀ ਵਰਕਰ ਅਜਿਹੇ ਹੱਥ ਕੰਡਿਆਂ ਦਾ ਮੂੰਹ ਤੋੜ ਜਵਾਬ ਦੇਣਗੇ। ਸ੍ਰੀ ਮੀਆਂ ਨੇ ਕਿਹਾ ਕਿ ਚੰਨੀ, ਬਾਦਲ ਅਤੇ ਦਿੱਲੀ ਵਿਚ ਕੇਜਰੀਵਾਲ ਦੀਆਂ ਸਰਕਾਰਾਂ ਦੀ ਕਾਰਗੁਜ਼ਾਰੀ ਦੇਖ ਚੁੱਕੀ ਆਮ ਜਨਤਾ, ਇਸ ਵਾਰ ਇਨ੍ਹਾਂ ’ਚੋਂ ਕਿਸੇ ਦੇ ਹੱਕ ਵਿਚ ਵੀ ਸਰਗਰਮ ਨਹੀਂ ਹੋਈ। ਐਸੀ ਹਾਲਤ ਵਿਚ ਚੋਣਾਂ ਨੂੰ ਮਹਿਜ਼ ਪੈਸੇ ਦੀ ਖੇਡ ਬਣਾਉਣ ਲਈ ਸਰਮਾਏਦਾਰ ਪਾਰਟੀਆਂ ਦੇ ਉਮੀਦਵਾਰ ਨਵੇਂ-ਨਵੇਂ ਢੰਗਾਂ ਨਾਲ ਵੋਟਰਾਂ ਨੂੰ ਗੁੰਮਰਾਹ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਨ। ਉਮੀਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਆਪਣੇ ਸਾਰੇ ਸਰਗਰਮ ਕਾਰਕੁਨਾਂ ਨੂੰ ਹਦਾਇਤ ਕੀਤੀ ਹੈ ਕਿ ਜਿਥੇ ਵੀ ਸਮਰਥਕ ਪੈਸੇ ਜਾਂ ਨਸ਼ੇ ਵੰਡਦੇ ਨਜ਼ਰ ਆਉਂਦੇ ਹਨ, ਉਹਨਾਂ ਨੂੰ ਉਥੇ ਹੀ ਘੇਰ ਕੇ ਮੀਡੀਏ ਨੂੰ ਸੂਚਿਤ ਕਰਕੇ ਪੁਲੀਸ ਦੇ ਹਵਾਲੇ ਕਰ ਦਿੱਤਾ ਜਾਵੇ।