ਪੱਤਰ ਪ੍ਰੇਰਕ
ਮਾਨਸਾ, 7 ਜੁਲਾਈ
ਸਫ਼ਾਈ ਸੇਵਕਾਂ ਦੀ ਹੜਤਾਲ ਖੁੱਲ੍ਹਣ ਦੇ ਬਾਵਜੂਦ ਸ਼ਹਿਰ ਵਿੱਚ ਸਫ਼ਾਈ ਪ੍ਰਬੰਧਾਂ ਦਾ ਮਾੜਾ ਹਾਲ ਹੈ। ਸ਼ਹਿਰ ਵਿੱਚ ਅਨੇਕਾਂ ਥਾਵਾਂ ’ਤੇ ਗੰਦਗੀ ਦੇ ਢੇਰ ਲੱਗੇ ਪਏ ਹਨ, ਜੋ ਹਰ ਲੰਘਣ-ਟੱਪਣ ਵਾਲਿਆਂ ਲਈ ਸਿਰਦਰਦੀ ਬਣਦੇ ਜਾ ਰਹੇ ਹਨ। ਭਾਵੇਂ ਸ਼ਹਿਰ ਦੀਆਂ ਮੁੱਖ ਸੜਕਾਂ ਤੋਂ ਅਜਿਹੇ ਢੇਰਾਂ ਨੂੰ ਚੁੱਕ ਲਿਆ ਗਿਆ ਹੈ, ਪਰ ਮੁਹੱਲੇ ਤੇ ਗਲੀਆਂ ਵਿੱਚ ਗੰਦਗੀ ਦੇ ਢੇਰ ਲੱਗੇ ਹੋਏ ਹਨ। ਸਫ਼ਾਈ ਦੇ ਇਸ ਮਾੜੇ ਹਾਲ ਨੂੰ ਲੈ ਕੇ ਸ਼ਹਿਰ ਦੇ ਲੋਕਾਂ ਵਿੱਚ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ ਅਤੇ ਹੁਣ ਜਨਤਕ ਜਥੇਬੰਦੀਆਂ ਵੀ ਇਸ ਖਿਲਾਫ਼ ਮੈਦਾਨ ਵਿੱਚ ਉੱਤਰਨ ਲੱਗੀਆਂ ਹਨ। ਇਸੇ ਦੌਰਾਨ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਸ਼ਹਿਰ ਦੀਆਂ ਮੁਸ਼ਕਲਾਂ ਦਾ ਕੋਈ ਬਹੁਤਾ ਫ਼ਿਕਰ ਨਹੀਂ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਸਰਕਾਰ ਤੇ ਪ੍ਰਸ਼ਾਸਨ ਆਮ ਲੋਕਾਂ ਨੂੰ ਕਰੋਨਾ ਦੀ ਬਿਮਾਰੀ ਤੋਂ ਮੂੰਹ ਢੱਕ ਕੇ ਰੱਖੋ ਦੇ ਹੋਕਾ ਦਿੰਦਾ ਹੈ, ਪਰ ਦੁੂਜੇ ਪਾਸੇ ਵੱਡੇ-ਵੱਡੇ ਗੰਦਗੀ ਦੇ ਢੇਰਾਂ ਕੋਲੋਂ ਲੰਘਣਾ ਖ਼ਤਰੇ ਤੋਂ ਖਾਲੀ ਨਹੀਂ ਹੈ। ਕਿਸਾਨ ਆਗੂ ਨੇ ਕਿਹਾ ਕਿ ਨਗਰ ਕੌਂਸਲ ਦੀ ਪ੍ਰਧਾਨਗੀ ਅਤੇ ਕੌਸਲਰਾਂ ਦੀ ਆਪਸ ਲੜਾਈ ਕਰਕੇ ਸਾਫ਼ ਸਫ਼ਾਈ ਦਾ ਬੁਰਾ ਹਾਲ ਹੈ।