ਪੱਤਰ ਪ੍ਰੇਰਕ
ਜ਼ੀਰਾ, 29 ਜੁਲਾਈ
ਦਿ ਰੈਵੀਨਿਊ ਪਟਵਾਰ ਯੂਨੀਅਨ ਜ਼ੀਰਾ ਵੱਲੋਂ ਪ੍ਰਧਾਨ ਜਗਸੀਰ ਸਿੰਘ ਦੀ ਪ੍ਰਧਾਨਗੀ ਹੇਠ ਤਹਿਸੀਲ ਦਫਤਰ ਜ਼ੀਰਾ ਵਿੱਚ ਆਪਣੀਆਂ ਹੱਕੀ ਮੰਗਾਂ ਸਬੰਧੀ ਧਰਨਾ ਲਗਾ ਕੇ ਸਰਕਾਰ ਵਿਰੁੱਧ ਰੋਸ ਮੁਜ਼ਾਹਰਾ ਕੀਤਾ। ਇਸ ਸਮੇਂ ਸੀਨੀਅਰ ਮੀਤ ਪ੍ਰਧਾਨ ਹਨੂੰਮਾਨ ਪ੍ਰਸ਼ਾਦ, ਜ਼ਿਲ੍ਹਾ ਖਜ਼ਾਨਚੀ ਨਿਸ਼ਾਨ ਸਿੰਘ, ਅਮਰਜੀਤ ਸਿੰਘ ਆਦਿ ਆਗੂਆਂ ਨੇ ਕਿਹਾ ਕਿ ਪਟਵਾਰ ਯੂਨੀਅਨ ਨੇ 26 ਅਪਰੈਲ 2021 ਤੋਂ 2 ਮਈ 2021 ਤੱਕ ਪੰਜਾਬ ਦੇ ਸਾਰੇ ਵਿਧਾਇਕਾਂ ਰਾਹੀਂ ਮੁੱਖ ਮੰਤਰੀ ਪੰਜਾਬ ਦੇ ਨਾਮ ਪਟਵਾਰੀਆਂ ਦੀਆਂ ਮੰਗਾਂ ਦੀ ਪੂਰਤੀ ਲਈ ਮੰਗ ਪੱਤਰ ਦਿੱਤੇ ਸਨ, 12 ਅਤੇ 13 ਮਈ ਨੂੰ ਜ਼ਿਲ੍ਹਾ ਪੱਧਰੀ ਧਰਨੇ ਵੀ ਦਿੱਤੇ ਗਏ ਪਰ ਸਰਕਾਰ ਦੇ ਕੰਨਾਂ ’ਤੇ ਜੂੰ ਨਹੀਂ ਸਰਕੀ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਸਾਡੀਆਂ ਹੱਕੀ ਮੰਗਾਂ ਜਲਦ ਪੂਰੀਆਂ ਨਾ ਕੀਤੀਆਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
ਜਲਾਲਾਬਾਦ (ਨਿੱਜੀ ਪੱਤਰ ਪ੍ਰੇਰਕ): ਤਹਿਸੀਲ ਜਲਾਲਾਬਾਦ ਦੇ ਸਮੂਹ ਪਟਵਾਰੀਆਂ ਅਤੇ ਕਾਨੂੰਨਗੋ ਸਹਬਿਾਨ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਲਟਕੀਆਂ ਆ ਰਹੀਆਂ ਪਟਵਾਰੀ ਅਤੇ ਕਾਨੂੰਨਗੋ ਦੀਆਂ ਸਾਂਝੀਆਂ ਮੰਗਾਂ ਨਾ ਮੰਨੇ ਜਾਣ ਦੇ ਰੋਸ ਵਜੋਂ ਹਰੇਕ ਵੀਰਵਾਰ ਤੇ ਸ਼ੁੱਕਰਵਾਰ ਨੂੰ ਲਗਾਏ ਜਾਣ ਵਾਲੇ ਧਰਨੇ ਨੂੰ ਜਾਰੀ ਰੱਖਦੇ ਹੋਏ ਜਥੇਬੰਦੀ ਵਲੋਂ ਤੀਸਰੇ ਹਫ਼ਤੇ ਵੀ ਤਹਿਸੀਲ ਪੱਧਰੀ ਰੋਸ ਧਰਨਾ ਲਗਾਇਆ ਗਿਆ।
ਗਿੱਦੜਬਾਹਾ (ਪੱਤਰ ਪ੍ਰੇਰਕ): ਦਿ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਅਤੇ ਕਾਨੂੰਨਗੋ ਯੂਨੀਅਨ, ਰਿਟਾਇਡ ਕਰਮਚਾਰੀ ਯੂਨੀਅਨ ਅਤੇ ਨੰਬਰਦਾਰ ਯੂਨੀਅਨ ਨੇ ਸਾਂਝੇ ਤੌਰ ’ਤੇ ਪੰਜਾਬ ਸਰਕਾਰ ਦੇ ਅੜੀਅਲ ਵਤੀਰੇ ਵਿਰੁੱਧ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਤਹਿਸੀਲ ਪੱਧਰੀ ਧਰਨਾ ਦਿੱਤਾ ਗਿਆ, ਜਿਸ ਦੀ ਅਗਵਾਈ ਸੁਰਜੀਤ ਸਿੰਘ ਉਪਲ ਤਹਿਸੀਲ ਪ੍ਰਧਾਨ ਦਿ ਰੈਵੀਨਿਊ ਪਟਵਾਰ ਯੂਨੀਅਨ ਗਿੱਦੜਬਾਹਾ ਵੱਲੋਂ ਕੀਤੀ ਗਈ।