ਬਲਜੀਤ ਸਿੰਘ
ਸਰਦੂਲਗੜ੍ਹ, 6 ਅਗਸਤ
ਪਿੰਡ ਬਰਨ ਤੋਂ ਝੰਡੂਕੇ ਨੂੰ ਜਾਣ ਵਾਲੀ ਲਿੰਕ ਸੜਕ ’ਤੇ ਬਣੀ ਨਹਿਰੀ ਖਾਲ ਦੀ ਪੁਲੀ ਪਿਛਲੇ ਕਈ ਮਹੀਨਿਆਂ ਤੋਂ ਬੁਰੀ ਤਰ੍ਹਾਂ ਟੁੱਟੀ ਪਈ ਹੈ, ਜਿਸ ਕਾਰਨ ਹਾਦਸੇ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। ਪਿੰਡ ਬਰਨ ਦੇ ਮੇਵਾ ਸਿੰਘ, ਬੂਟਾ ਸਿੰਘ, ਸੇਵਕ ਸਿੰਘ, ਬੀਕਾ ਸਿੰਘ ਅਤੇ ਜਗਰਾਜ ਸਿੰਘ ਨੇ ਦੱਸਿਆ ਕਿ ਕਿ ਪਿਛਲੇ ਕਰੀਬ ਚਾਰ ਪੰਜ ਮਹੀਨਿਆਂ ਤੋਂ ਇਸ ਸੜਕ ਦੇ ਉੱਪਰ ਇਹ ਨਹਿਰੀ ਖਾਲ ਦੀ ਪੁਲੀ ਟੁੱਟੀ ਪਈ ਹੈ। ਇਸ ਸੜਕ ’ਤੇ ਜਿਨ੍ਹਾਂ ਕਿਸਾਨਾਂ ਦੇ ਖੇਤ ਲੱਗਦੇ ਹਨ, ਉਨ੍ਹਾਂ ਨੂੰ ਖੇਤ ਆਉਣ-ਜਾਣ ਸਮੇਂ ਆਪਣੇ ਟਰੈਕਟਰ ਆਦਿ ਮਸ਼ੀਨਰੀ ਲਿਜਾਣ ਵਿਚ ਭਾਰੀ ਮੁਸ਼ਕਲ ਆਉਂਦੀ ਹੈ। ਉਨ੍ਹਾਂ ਕਿਹਾ ਕਿ ਪੁਲੀ ਟੁੱਟਣ ਕਾਰਨ ਉਨ੍ਹਾਂ ਨੂੰ ਝੰਡੂਕੇ ਤੇ ਝੁਨੀਰ ਆਦਿ ਨੂੰ ਜਾਣ ਲਈ ਤਿੰਨ-ਚਾਰ ਕਿਲੋਮੀਟਰ ਦਾ ਜ਼ਿਆਦਾ ਪੈਂਡਾ ਤੈਅ ਕਰਨਾ ਪੈਂਦਾ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸੜਕ ’ਤੇ ਟੁੱਟੀ ਪੁਲੀ ਨੂੰ ਨਵੇਂ ਸਿਰੇ ਤੋਂ ਬਣਾਇਆ ਜਾਵੇ।