ਗੁਰਜੰਟ ਕਲਸੀ
ਸਮਾਲਸਰ, 12 ਮਈ
ਸੇਖਾ ਕਲਾਂ ਤੋਂ ਗੁਰਦੁਆਰਾ ਸੰਗਤੀਸਰ, ਸੇਖਾ ਮਿਹਰ ਸਿੰਘ ਵਾਲਾ ਤੇ ਪੰਜਗਰਾਈ ਖੁਰਦ ਨੂੰ ਜਾਂਦੇ ਕੱਚੇ ਰਸਤੇ ’ਤੇ ਲੱਗਦੀ ਸਮਾਲਸਰ ਦੀ ਪੰਚਾਇਤੀ ਜ਼ਮੀਨ ’ਤੇ ਦਹਾਕਿਆਂ ਤੋਂ ਕਾਬਜ਼ ਕਈ ਕਿਸਾਨਾਂ ਤੋਂ ਸਮਾਲਸਰ ਦੀ ਪੰਚਾਇਤ ਨੇ ਕਬਜ਼ਾ ਛੁਡਵਾਇਆ ਹੈ। ਹਲਕੇ ਦੇ ਕਈ ਕਿਸਾਨਾਂ ਜਿਨ੍ਹਾਂ ਦੀ ਜ਼ਮੀਨ ਕੱਚੇ ਰਸਤਿਆਂ ਜਾਂ ਸੜਕਾਂ ਦੇ ਨਾਲ ਲੱਗਦੀ ਹੈ, ਨੇ ਖੇਤ ਖਾਲੀ ਹੋਣ ਸਾਰ ਹੀ ਰਸਤਿਆਂ, ਸੜਕਾਂ ਦੀਆਂ ਬਰਮਾਂ ਨਾਲ ਖੁਦ ਮਿੱਟੀ ਪਾ ਕੇ ਰਸਤੇ ਪੂਰੇ ਕਰਕੇ ਵਾਹ ਵਾਹ ਖੱਟਣ ਦੀ ਕੋਸ਼ਿਸ਼ ਕੀਤੀ ਹੈ। ਸੇਖਾ ਕਲਾਂ ਤੋਂ ਗੁਰਦੁਆਰਾ ਸੰਗਤੀਸਰ, ਸੇਖਾ ਮਿਹਰ ਸਿੰਘ ਵਾਲਾ ਤੇ ਪੰਜਗਰਾਈ ਖੁਰਦ ਨੂੰ ਕੱਚਾ ਰਸਤਾ ਜਾਂਦਾ ਹੈ। ਸਮਾਲਸਰ ਦੇ ਸਰਪੰਚ ਅਮਰਜੀਤ ਸਿੰਘ ਨੇ ਦੱਸਿਆ ਕਿ ਸੇਖਾ ਕਲਾਂ ਤੋਂ ਗੁਰਦੁਆਰਾ ਸੰਗਤੀਸਰ ਨੂੰ ਜਾਂਦੇ ਕੱਚੇ ਰਸਤੇ ਦੇ ਨਾਲ ਨਾਲ ਇਕ ਪਾਸੇ ਸਮਾਲਸਰ ਪੰਚਾਇਤ ਦੀ 24 ਏਕੜ ਜ਼ਮੀਨ ਲੱਗਦੀ ਹੈ। ਉਨ੍ਹਾਂ ਦੱਸਿਆ ਕਿ ਮਾਲ ਵਿਭਾਗ ਦੇ ਰਿਕਾਰਡ ਅਨੁਸਾਰ ਇਹ ਰਸਤਾ ਸਾਡੇ ਸੋਲਾਂ ਫੁੱਟ ਚੌੜਾ ਹੈ ਜੋ ਹੁਣ ਕਰੀਬ 10 ਫੁੱਟ ਵੀ ਨਹੀਂ ਸੀ ਬਚਿਆ। ਕਈ ਕਿਸਾਨਾਂ ਨੇ ਦਹਾਕਿਆਂ ਤੋਂ ਇਸ ਰਸਤੇ ’ਤੇ ਕਬਜ਼ਾ ਕਰਕੇ ਪੁਰਾ ਰਸਤਾ ਹੀ ਪੰਚਾਇਤੀ ਜ਼ਮੀਨ ਵੱਲ ਧੱਕ ਦਿੱਤਾ ਸੀ। ਗੁਰਦੁਆਰਾ ਸੰਗਤੀਸਰ ਨੂੰ ਜਾਣ ਵਾਲੇ ਸੇਖਾ ਕਲਾਂ, ਸੇਖਾ ਖੁਰਦ, ਸੇਖਾ ਮਿਹਰ ਸਿੰਘ ਵਾਲਾ ਦੇ ਲੋਕਾਂ ਨੇ ਇਸ ਕਬਜ਼ੇ ਦੀ ਸ਼ਿਕਾਇਤ ਦਫ਼ਤਰ ਉਪ ਮੰਡਲ ਮੈਜਿਸਟਰੇਟ ਬਾਘਾ ਪੁਰਾਣਾ ’ਚ ਕੀਤੀ ਸੀ। ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਮਾਲ ਵਿਭਾਗ ਦੇ ਕਾਨੂੰਗੋ ਜਗਸੀਰ ਸਿੰਘ ਨੇ ਰਸਤੇ ਦੀ ਨਿਸ਼ਾਨਦੇਹੀ ਕਰਕੇ ਕੁਝ ਸਮਾਂ ਪਹਿਲਾਂ ਬੁਰਜੀਆਂ ਲਵਾ ਦਿੱਤੀਆਂ ਸਨ। ਸਰਪੰਚ ਅਮਰਜੀਤ ਸਿੰਘ ਨੇ ਦੱਸਿਆ ਕਿ ਮਾਲ ਵਿਭਾਗ ਦੇ ਹੁਕਮਾ ’ਤੇ ਅਮਲ ਕਰਦਿਆਂ ਜਦੋਂ ਖੇਤ ਖਾਲੀ ਹੋਏ ਤਾਂ ਮਾਲ ਵਿਭਾਗ ਵੱਲੋਂ ਲਾਈਆਂ ਬੁਰਜੀਆਂ ਤੱਕ ਜੇਸੀਬੀ ਚਲਾ ਕੇ ਵੱਟ ਪਾ ਦਿੱਤੀ ਗਈ ਤੇ ਰਸਤਾ ਪੂਰਾ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮੌਕੇ ਕਿਸੇ ਤਰ੍ਹਾਂ ਦਾ ਵਿਰੋਧ ਦਾ ਸਾਹਮਣਾ ਨਹੀਂ ਕਰਨਾ ਪਿਆ ਤੇ ਕਈ ਕਿਸਾਨਾਂ ਨੇ ਖੁਦ ਸਾਥ ਦਿੱਤਾ। ਸਮਾਲਸਰ ਦੀ ਪੰਚਾਇਤ ਵੱਲੋਂ ਛੁਡਵਾਈ ਜ਼ਮੀਨ ਦੀ ਹਲਕੇ ’ਚ ਚਰਚਾ ਹੋਣ ਮਗਰੋਂ ਹੋਰ ਪਿੰਡਾਂ ਦੀਆਂ ਪੰਚਾਇਤਾਂ ਨੇ ਵੀ ਦੱਬੀ ਜ਼ਮੀਨ ਛੁਡਵਾਉਣ ਲਈ ਪੰਜਾਬ ਸਰਕਾਰ ਨਾਲ ਰਾਬਤਾ ਕਰਨਾ ਸ਼ੁਰੂ ਕਰ ਦਿੱਤਾ ਹੈ।