ਪੱਤਰ ਪ੍ਰੇਰਕ
ਮਾਨਸਾ, 12 ਅਕਤੂਬਰ
ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵੱਲੋਂ ਮਾਨਸਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਕਿਸਾਨੀ ਮੰਗਾਂ ਸਬੰਧੀ ਲਾਇਆ ਪੱਕਾ ਮੋਰਚਾ ਦੂਜੇ ਦਿਨ ਵੀ ਜਾਰੀ ਰਿਹਾ। ਭਾਵੇਂ ਕਿਸਾਨ ਦਿਨ-ਰਾਤ ਦੇ ਇਸ ਮੋਰਚੇ ਉਤੇ ਡਟੇ ਹੋਏ ਹਨ, ਪਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਜੇ ਤੱਕ ਕਿਸਾਨ ਆਗੂਆਂ ਨਾਲ ਕਿਸੇ ਕਿਸਮ ਦੀ ਕੋਈ ਗੱਲਬਾਤ ਨਹੀਂ ਤੋਰੀ ਗਈ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਜਨਰਲ ਸਕੱਤਰ ਮੱਖਣ ਸਿੰਘ ਭੈਣੀਬਾਘਾ ਨੇ ਕਿਹਾ ਕਿ ਪਿਛਲੇ ਦਿਨੀਂ 2 ਅਗਸਤ ਨੂੰ ਕਿਸਾਨ ਜੱਥੇਬੰਦੀਆਂ ਦੀ ਗੁਲਾਬੀ ਸੁੰਡੀ ਅਤੇ ਚਿੱਟੇ ਮੱਛਰ ਨਾਲ ਹੋਏ ਨੁਕਸਾਨ ਬਾਰੇ, ਸੂਬਾ ਸਰਕਾਰ ਨਾਲ ਮੀਟਿੰਗ ਹੋਈ ਸੀ, ਜਿਸ ਵਿੱਚ ਪੰਜਾਬ ਸਰਕਾਰ ਨੇ ਫ਼ਸਲਾਂ ਦੇ ਨੁਕਸਾਨ ਦੀ ਭਰਪਾਈ ਕਰਨ ਦਾ ਵਾਅਦਾ ਕੀਤਾ ਸੀ, ਪਰ ਬਾਅਦ ਵਿੱਚ ਕਿਰਤੀ ਵਰਗ ਨਾਲ ਵਿਸ਼ਵਾਸਘਾਤ ਕੀਤਾ ਅਤੇ ਹੁਣ ਬੇ-ਮੌਸਮੀ ਬਰਸਾਤ ਨਾਲ ਹੋਏ ਫ਼ਸਲਾਂ ਅਤੇ ਘਰਾਂ ਦੇ ਨੁਕਸਾਨ ਨਾਲ ਲੋਕਾਂ ਦੇ ਹਾਲਾਤ ਹੋਰ ਵੀ ਬਦਤਰ ਹੋ ਚੁੱਕੇ ਹਨ। ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਜਗਦੇਵ ਸਿੰਘ ਭੈਣੀਬਾਘਾ ਨੇ ਕਿਹਾ ਕਿ ਸਰਕਾਰ ਫੌਰੀ ਤੌਰ ’ਤੇ ਕਿਸਾਨਾਂ ਦੀਆਂ ਮੰਗਾਂ ਬਾਰੇ ਵਿਚਾਰ ਕਰੇ। ਇਸ ਮੌਕੇ ਜਗਦੇਵ ਸਿੰਘ ਕੋਟਲੀ, ਗੁਰਚਰਨ ਸਿੰਘ ਉੱਲਕ, ਰੂਪ ਸਿੰਘ, ਵਰਿਆਮ ਸਿੰਘ ਖਿਆਲਾ, ਬਲਜੀਤ ਸਿੰਘ ਭੈਣੀ ਬਾਘਾ, ਲਾਭ ਸਿੰਘ ਬੁਰਜ ਹਰੀਕੇ, ਸੁਖਦੇਵ ਸਿੰਘ ਮੂਸਾ, ਭੂਰਾ ਸਿੰਘ ਝੇਰਿਆਂਵਾਲੀ, ਕਾਕਾ ਸਿੰਘ ਭੈਣੀ ਬਾਘਾ ਆਦਿ ਨੇ ਸੰਬੋਧਨ ਕੀਤਾ।