ਸੰਜੀਵ ਹਾਂਡਾ
ਫ਼ਿਰੋਜ਼ਪੁਰ, 28 ਸਤੰਬਰ
ਇੱਥੋਂ ਕਰੀਬ ਛੇ ਕਿਲੋਮੀਟਰ ਦੂਰ ਪਿੰਡ ਆਰਿਫ਼ ਕੇ ਦੇ ਖੇਤਾਂ ਵਿੱਚ ਕੱਲ੍ਹ ਰਾਤ ਇਕ ਪਾਕਿਸਤਾਨੀ ਡਰੋਨ ਰਾਹੀਂ ਕੁਝ ਹਥਿਆਰ ਸੁੱਟੇ ਗਏ। ਲੰਘੀ ਦੇਰ ਸ਼ਾਮ ਪਿੰਡ ਦੇ ਕੁਝ ਲੋਕਾਂ ਨੇ ਪਾਕਿਸਤਾਨ ਵਾਲੇ ਪਾਸਿਓਂ ਡਰੋਨ ਆਉਂਦਾ ਦੇਖਿਆ ਤਾਂ ਤੁਰੰਤ ਥਾਣਾ ਆਰਿਫ਼ ਕੇ ਦੀ ਪੁਲੀਸ ਨੂੰ ਸੂਚਿਤ ਕੀਤਾ। ਕੁਝ ਚਿਰ ਮਗਰੋਂ ਪੁਲੀਸ ਮੌਕੇ ’ਤੇ ਪਹੁੰਚ ਗਈ ਤੇ ਖੇਤ ਦੀ ਤਲਾਸ਼ੀ ਲਈ। ਪਿੰਡ ਦੇ ਸਰਪੰਚ ਜੁਝਾਰ ਸਿੰਘ ਨੇ ਦੱਸਿਆ ਕਿ ਇਹ ਖੇਤ ਕੁਲਦੀਪ ਸਿੰਘ ਪੁੱਤਰ ਦਰਬਾਰਾ ਸਿੰਘ ਦਾ ਹੈ। ਉਸ ਨੇ ਝੋਨੇ ਨੂੰ ਸਪਰੇਅ ਕਰਨ ਵਾਸਤੇ ਲੇਬਰ ਲਗਾਈ ਹੋਈ ਸੀ। ਸਪਰੇਅ ਕਰਦਿਆਂ ਲੇਬਰ ਨੂੰ ਕੋਈ ਸ਼ੱਕੀ ਵਸਤੂ ਖੇਤ ਵਿੱਚ ਪਈ ਹੋਣ ਦੀ ਜਾਣਕਾਰੀ ਮਿਲੀ। ਸਰਪੰਚ ਦੇ ਦੱਸਣ ਮੁਤਾਬਕ ਥਾਣਾ ਮੁਖੀ ਨੇ ਕੱਲ੍ਹ ਰਾਤ ਖੇਤ ’ਚੋਂ ਏਕੇ-47 ਰਾਈਫ਼ਲ ਬਰਾਮਦ ਹੋਣ ਦਾ ਜ਼ਿਕਰ ਕੀਤਾ ਸੀ। ਹਾਲਾਂਕਿ, ਪੁਲੀਸ ਵੱਲੋਂ ਇਸ ਬਾਰੇ ਅਜੇ ਤੱਕ ਅਧਿਕਾਰਕ ਤੌਰ ’ਤੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਪੁਲੀਸ ਦੇ ਸੀਨੀਅਰ ਅਧਿਕਾਰੀ ਅੱਜ ਫ਼ਿਰੋਜ਼ਪੁਰ ਦੇ ਹੁਸੈਨੀਵਾਲਾ ਵਿੱਚ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਸਬੰਧੀ ਸਮਾਗਮ ਵਿੱਚ ਰੁੱਝੇ ਹੋਏ ਹਨ, ਜਿੱਥੇ ਦੁਪਹਿਰ ਵੇਲੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸ਼ਿਰਕਤ ਕਰਨਗੇ।