ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 25 ਦਸੰਬਰ
ਮੁਕਤਸਰ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਜਨਮ ਦਿਨ ਮਨਾਉਣ ਲਈ ‘ਸਿਟੀ ਹੋਟਲ’ ’ਚ ਰੱਖੀ ਬੈਠਕ ’ਚ ਉਸ ਵੇਲੇ ਖਲਲ ਪੈ ਗਿਆ ਜਦੋਂ ਕਿਸਾਨਾਂ ਨੇ ਇਸਦਾ ਵਿਰੋਧ ਕੀਤਾ। ਪੁਲੀਸ ਵੱਲੋਂ ਹੋਟਲ ਦਾ ਆਲਾ-ਦੁਆਲਾ ਸੀਲ ਕਰਕੇ ਤੇ ਭਾਰੀ ਸੁਰੱਖਿਆ ਬਲ ਲਾ ਕੇ ਕਿਸੇ ਸੰਭਾਵਿਤ ਟਕਰੇ ਨੂੰ ਟਾਲਣ ਦਾ ਪ੍ਰਬੰਧ ਕੀਤਾ ਸੀ। ਫਿਰ ਵੀ ਭਾਜਪਾ ਆਗੂਆਂ ਨੇ ਮੌਕੇ ਦੀ ਨਜ਼ਾਕਤ ਨੂੰ ਭਾਂਪਦਿਆਂ ਹੋਟਲ ਦੇ ਪਿਛਲੇ ਪਾਸਿਓਂ ਚਲੇ ਜਾਣ ਨੂੰ ਤਰਜੀਹ ਦਿੱਤੀ। ਇਸ ਮੌਕੇ ਭਾਜਪਾ ਆਗੂ ਜ਼ਿਲ੍ਹਾ ਪ੍ਰਧਾਨ ਗੋਰਾ ਪਠੇਲਾ, ਜਨਰਲ ਸਕੱਤਰ ਜੀਵਨ ਸ਼ਰਮਾ, ਸੰਦੀਪ ਗਿਰਧਰ, ਤਰਸੇਮ ਗੋਇਲ, ਅਨੁਰਾਗ ਸ਼ਰਮਾ, ਰਵਿੰਦਰ ਕਟਾਰੀਆ, ਰਾਜ ਕੁਮਾਰ ਭਟੇਜਾ, ਯੋਗੇਸ਼ਵਰ ਯੋਗੀ ਤੇ ਭੰਵਰ ਲਾਲ ਹੋਰਾਂ ਨੇ ਕਿਹਾ ਕਿ ਵਾਜਪਾਈ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਹਨ ਤੇ ਉਨ੍ਹਾਂ ਦਾ ਸਤਿਕਾਰ ਕਰਨਾ ਹਰ ਨਾਗਰਿਕਾਂ ਦਾ ਫਰਜ਼ ਹੈ। ਉਨ੍ਹਾਂ ਪਾਰਟੀ ਹਾਈ ਕਮਾਂਡ ਦੇ ਨਿਰਦੇਸ਼ਾਂ ਤਹਿਤ ਇਹ ਜਨਮ ਦਿਨ ਸਮਾਗਮ ਮਨਾਇਆ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਨਿਰਮਲ ਸਿੰਘ ਜੱਸੇਆਣਾ, ਗਿਆਨ ਸਿੰਘ ਭੁੱਟੀਵਾਲਾ, ਉਦੈ ਸਿੰਘ ਘੁੜਿਆਣਾ, ਬੀਰ ਸਿੰਘ ਨੇ ਕਿਹਾ ਕਿ ਇਸ ਵੇਲੇ ਦੇਸ਼ ਦੇ ਕਿਸਾਨਾਂ ਨੂੰ ਕੇਂਦਰ ਦੀ ਭਾਜਪਾ ਸਰਕਾਰ ਨੇ ਨਵੇਂ ਖੇਤੀ ਕਾਨੂੰਨ ਲਾਗੂ ਕਰਕੇ ਪ੍ਰੇਸ਼ਾਨ ਕੀਤਾ ਹੋਇਆ ਹੈ ਤੇ ਕਾਨੂੰਨ ਰੱਦ ਕਰਨ ਦੀ ਮੰਗ ਨੂੰ ਸਵੀਕਾਰ ਨਹੀਂ ਕੀਤਾ ਜਾ ਰਿਹਾ ਜਿਸ ਕਰਕੇ ਉਹ ਭਾਜਪਾ ਦੀਆਂ ਬੈਠਕਾਂ ਦਾ ਵਿਰੋਧ ਕਰਦੇ ਹਨ।
ਗਿੱਦੜਬਾਹਾ (ਪੱਤਰ ਪ੍ਰੇਰਕ) ਭਾਰਤੀ ਜਨਤਾ ਪਾਰਟੀ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਮਹਰੂਮ ਅਟਲ ਬਿਹਾਰੀ ਵਾਜਪਈ ਦਾ ਜਨਮ ਦਿਨ ਮਨਾਉਣ ਦਾ ਪ੍ਰੋਗਰਾਮ ਗਿੱਦੜਬਾਹਾ ਵਿੱਚ ਮਹਿਲਾ ਭਾਜਪਾ ਆਗੂ ਦੇ ਘਰ ਰੱਖਿਆ ਗਿਆ ਸੀ ਤੇ ਇਸ ਲਈ ਭਾਜਪਾ ਆਗੂ ਮਹਿਲਾ ਆਗੂ ਦੇ ਘਰ ਪੁੱਜਣੇ ਸ਼ੁਰੂ ਹੋ ਗਏ ਤੇ ਜਿਉਂ ਹੀ ਇਸ ਗੱਲ ਦੀ ਭਿਣਕ ਕਿਸਾਨ ਆਗੂਆ ਨੂੰ ਪਈ ਤਾਂ ਉਨ੍ਹਾਂ ਨੇ ਇਕੱਤਰ ਹੋ ਕੇ ਸਥਾਨਕ ਮਹਿਲਾ ਆਗੂ ਦੇ ਘਰ ਦੇ ਨੇੜੇ ਨਾਰੇਬਾਜ਼ੀ ਸ਼ੁਰੂ ਕਰ ਦਿੱਤੀ ਤੇ ਕਿਸਾਨ ਯੂਨੀਅਨਾਂ ਦਾ ਵਿਰੋਧ ਵੇਖ ਮੌਕੇ ’ਤੇ ਪੁੱਜੇ ਐੱਸਐੱਚਓ ਗਿੱਦੜਬਾਹਾ ਅੰਗਰੇਜ ਸਿੰਘ ਨੇ ਭਾਜਪਾ ਆਗੂਆ ਨੂੰ ਪ੍ਰੋਗਰਾਮ ਕਰਨ ਤੋਂ ਰੋਕ ਦਿੱਤਾ ਤੇ ਇਕੱਤਰ ਭਾਜਪਾ ਆਗੂਆ ਨੂੰ ਉਨ੍ਹਾਂ ਦੇ ਘਰਾਂ ਨੂੰ ਰਵਾਨਾ ਕਰ ਦਿੱਤਾ|
ਕੋਟਕਪੂਰਾ (ਨਿੱਜੀ ਪੱਤਰ ਪ੍ਰੇਰਕ) ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪਾਈ ਦੇ ਜਨਮ ਦਿਨ ਮੌਕੇ ਕਰਵਾਏ ਗਏ ਸਮਾਗਮ ’ਚ ਸਥਿਤੀ ਉਸ ਸਮੇਂ ਤਣਾਅਪੂਰਨ ਬਣ ਗਈ ਜਦੋਂ ਕਿਸਾਨਾਂ ਨੇ ਸਮਾਗਮ ਵਾਲੀ ਥਾਂ ਕੋਲ ਪਹੁੰਚ ਕੇ ਭਾਜਪਾ ਆਗੂਆਂ ਦੀ ਘੇਰਾਬੰਦੀ ਕਰਨੀ ਸ਼ੁਰੂ ਕਰ ਦਿੱਤੀ। ਭਾਜਪਾ ਵੱਲੋਂ ਇਸ ਸਮਾਰੋਹ ’ਚ ਕੇਂਦਰ ਦੇ ਤਿੰਨ ਖੇਤੀ ਕਾਨੂੰਨੀ ਬਾਰੇ ਆਮ ਲੋਕਾਂ ਵਿਚ ਸਥਿਤੀ ਸਪੱਸ਼ਟ ਕਰਨ ਤੇ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਸਬੰਧੀ ਵਿਉਂਤਬੰਦੀ ਬਣਾਉਣ ਸਬੰਧੀ ਚਰਚਾ ਕੀਤੀ ਜਾਣੀ ਸੀ ਪਰ ਜਿਵੇਂ ਹੀ ਇਸਦੀ ਸੂਚਨਾ ਕਿਸਾਨਾਂ ਨੂੰ ਮਿਲੀ ਤਾਂ ਮੌਕੇ ’ਤੇ ਪਹੁੰਚ ਕੇ ਕਿਸਾਨਾਂ ਨੇ ਆਪਣਾ ਵਿਰੋਧ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ।
ਮਲੋਟ (ਲਖਵਿੰਦਰ ਸਿੰਘ) ਇਥੇ ਬਾਜ਼ਾਰ ’ਚ ਸਥਿਤ ਝਾਂਬ ਗੈਸਟ ਹਾਊਸ ’ਚ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਜਨਮ ਦਿਨ ਮਨਾ ਰਹੇ ਭਾਜਪਾ ਆਗੂਆਂ ਦਾ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਮੌਕੇ ’ਤੇ ਪਹੁੰਚ ਕੇ ਸਖ਼ਤ ਵਿਰੋਧ ਕੀਤਾ ਗਿਆ ਤੇ ਮੋਦੀ ਸਰਕਾਰ ਖ਼ਿਲਾਫ਼ ਸਖਤ ਨਾਅਰੇਬਾਜ਼ੀ ਕੀਤੀ ਗਈ। ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਲਖਨ ਪਾਲ ਸ਼ਰਮਾ ਨੇ ਦੱਸਿਆ ਕਿ ਇਕ ਪਾਸੇ ਅੰਨਦਾਤਾ ਕੜਾਕੇ ਦੀ ਠੰਢ ਵਿੱਚ ਆਪਣੇ ਬੱਚਿਆਂ ਨਾਲ ਸੜਕਾਂ ’ਤੇ ਪਿਆ ਹੈ ਤੇ ਦੂਜੇ ਪਾਸੇ ਭਾਜਪਾ ਦੇ ਕਾਰਕੂਨ ਜਨਮਦਿਨ ਦਾ ਜਸ਼ਨ ਮਨਾ ਰਹੇ ਹਨ।
ਇਸ ਗੱਲ ਦਾ ਵਿਰੋਧ ਕਰਦੇ ਜਦੋਂ ਕਿਸਾਨ ਆਗੂ ਭਾਜਪਾ ਆਗੂਆਂ ਨਾਲ਼ ਗੱਲਬਾਤ ਲਈ ਅੱਗੇ ਵਧੇ ਤਾਂ ਗੈਸਟ ਹਾਊਸ ਦੇ ਗੇਟ ’ਤੇ ਹੀ ਉਨ੍ਹਾਂ ਨੂੰ ਪੁਲੀਸ ਨੇ ਰੋਕ ਲਿਆ। ਮੌਕੇ ਦੀ ਨਜਾਕਤ ਨੂੰ ਵੇਖਦਿਆਂ ਪੁਲੀਸ ਅਧਿਕਾਰੀਆਂ ਨੇ ਆਸੇ ਪਾਸੇ ਥਾਣਿਆਂ ਦੀ ਫੋਰਸ ਵੀ ਬੁਲਾ ਲਈ ਤਾਂ ਜੋ ਮਹੌਲ ਨਾ ਵਿਗੜੇ। ਉੱਧਰ ਭਾਜਪਾ ਆਗੂ ਵੀ ਪ੍ਰੋਗਰਾਮ ਅੱਧ ਵਿਚਾਲੇ ਛੱਡ ਕੇ ਕਿਸਾਨਾਂ ਦੇ ਅੱਗੇ ਆ ਕੇ ਮੋਦੀ ਜ਼ਿੰਦਾਬਾਦ ਦੇ ਨਾਅਰੇ ਲਾਉਣ ਲੱਗੇ, ਜੇ ਪੁਲੀਸ ਦੋਨਾਂ ਧਿਰਾਂ ਵਿਚਾਲੇ ਦਖਲ ਦੇਣ ਵਿੱਚ ਲੇਟ ਹੋ ਜਾਂਦੀ ਤਾਂ ਅਣਸੁਖਾਵੀਂ ਘਟਨਾ ਵਾਪਰ ਸਕਦੀ ਸੀ। ਪੁਲੀਸ ਨੇ ਭਾਜਪਾ ਆਗੂਆਂ ਨੂੰ ਗੈਟਸ ਹਾਊਸ ਦੇ ਪਿਛਲੇ ਗੇਟ ’ਚੋਂ ਕੱਢ ਦਿੱਤਾ, ਜਿਸ ਉਪਰੰਤ ਕਿਸਾਨ ਆਗੂ ਵੀ ਰੋਸ ਮਾਰਚ ਕਰਦੇ ਹੋਏ ਚਲੇ ਗਏ।
ਮੁਕਤਸਰ ਵਿੱਚ ਸਵਾਮੀ ਰਾਮਦੇਵ ਦਾ ਵਿਰੋਧ ਸ਼ੁਰੂ
ਤਿੰਨ ਕਾਨੂੰਨ ਵਾਪਸ ਲੈਣ ਦੇ ਮੁੱਦੇ ’ਤੇ ਕਿਸਾਨਾਂ ਦਾ ਗੁੱਸਾ ਹੁਣ ਭਾਜਪਾ ਦੇ ਭਾਈਵਾਲਾਂ ਉਪਰ ਵੀ ਉਤਰਣਾ ਸ਼ੁਰੂ ਹੋ ਗਿਆ ਹੈ ਜਿਸਦੇ ਚੱਲਦਿਆਂ ਅੱਜ ਮੁਕਤਸਰ ਵਿੱਚ ਬੀਕੇਯੂ ਸਿੱਧੂਪੁਰ ਦੇ ਆਗੂਆਂ ਵੱਲੋਂ ਸ਼ਹਿਰ ਵਿੱਚ ਦੁਕਾਨਦਾਰਾਂ ਨੂੰ ਸਵਾਮੀ ਰਾਮਦੇਵ ਦਾ ਸਾਮਾਨ ਵੇਚਣ ਅਤੇ ਲੋਕਾਂ ਨੂੰ ਸਾਮਾਨ ਖਰੀਦਣ ਤੋਂ ਰੋਕਣ ਲਈ ਮੁਜ਼ਾਹਰਾਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਵਾਮੀ ਰਾਮਦੇਵ ਇਕ ਵਪਾਰੀ ਹੈ, ਜਿਹੜਾ ਭਾਜਪਾ ਸਰਕਾਰ ਦੀਆਂ ਚੋਣਾਂ ਜਿੱਤਣ ’ਚ ਮਦਦ ਕਰਦਾ ਹੈ ਅਤੇ ਲੋਕਾਂ ਨੂੰ ਝੂਠੇ ਪ੍ਰਚਾਰ ਵਿੱਚ ਫਸਾ ਕੇ ਭਾਜਪਾ ਦੇ ਹੱਕ ਵਿੱਚ ਭੁਗਤਾਉਂਦਾ ਹੈ। ਇਸ ਲਈ ਉਸਦੇ ਸਾਮਾਨ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਮੌਕੇ ਪਰਮਾਨੰਦ ਸਣੇ ਕਈ ਦੁਕਾਨਦਾਰਾਂ ਨੇ ਬੋਰਡ ਲਾਹ ਦਿੱਤੇ।