ਪੱਤਰ ਪ੍ਰੇਰਕ
ਰੂੜੇਕੇ ਕਲਾਂ, 7 ਮਈ
ਬਠਿੰਡਾ-ਚੰਡੀਗੜ੍ਹ ਰੋਡ ’ਤੇ ਧੌਲਾ-ਖੁੱਡੀ ਖੁਰਦ ਲਿੰਕ ਰੋਡ ਸਥਿਤ ਨੌਵੀਂ ਪਾਤਸ਼ਾਹੀ ਗੁਰਦੁਆਰਾ ਸੋਹੀਆਣਾ ਸਾਹਿਬ ਧੌਲਾ ਨੇੜੇ ਬਿਨਾਂ ਕਿਸੇ ਮਨਜ਼ੂਰੀ ਤੋਂ ਪੋਲਟਰੀ ਫਾਰਮ ਬਣਾਉਣ ਦਾ ਲੋਕਾਂ ਨੇ ਵਿਰੋਧ ਕੀਤਾ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਰਵਨ ਸਿੰਘ, ਸਾਬਕਾ ਪੰਚ ਸੁਰਜੀਤ ਸਿੰਘ ਅਤੇ ਬਲਦੇਵ ਸਿੰਘ ਨੇ ਦੱਸਿਆ ਕਿ ਜਿੱਥੇ ਪੋਲਟਰੀ ਫਾਰਮ ਬਣ ਰਿਹਾ ਹੈ, ਉਥੋਂ ਪਿੰਡ ਦੇ ਦੋਵੇਂ ਗੁਰਦੁਆਰਾ ਸ੍ਰੀ ਸੋਹੀਆਣਾ ਸਾਹਿਬ ਅਤੇ ਗੁਰਦੁਆਰਾ ਸ੍ਰੀ ਅੜੀਸਰ ਸਾਹਿਬ ਮਹਿਜ ਕਰਮਵਾਰ 300, 500 ਮੀਟਰ ਦੀ ਦੂਰੀ ’ਤੇ ਹਨ। ਪਿੰਡ ਵਾਸੀਆਂ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਪਟਿਆਲਾ ਤੋਂ ਇਸ ਪੋਲਟਰੀ ਫਾਰਮ ਨੂੰ ਐੱਨਓਸੀ ਨਾ ਜਾਰੀ ਕਰਨ ਦੀ ਅਪੀਲ ਕੀਤੀ ਹੈ। ਪਿੰਡ ਵਾਸੀਆਂ ਨੇ ਡਿਪਟੀ ਕਮਿਸ਼ਨਰ ਬਰਨਾਲਾ ਤੋਂ ਮੰਗ ਕੀਤੀ ਹੈ ਕਿ ਗੁਰਦੁਆਰਾ ਸਾਹਿਬ ਦੀ ਮਰਿਆਦਾ ਨੂੰ ਦੇਖਦਿਆਂ ਪੋਲਟਰੀ ਫਾਰਮ ’ਤੇ ਪੱਕੇ ਤੌਰ ’ਤੇ ਰੋਕ ਲਗਾਉਣੀ ਚਾਹੀਦੀ ਹੈ। ਇਸ ਸਬੰਧੀ ਨੈਸ਼ਨਲ ਐਂਟੀ ਕੁਰੱਪਸ਼ਨ ਕੌਂਸਲ ਭਾਰਤ ਜ਼ਿਲ੍ਹਾ ਬਰਨਾਲਾ ਰੂਰਲ ਪ੍ਰਧਾਨ ਸਮਾਜ ਸੇਵੀ ਬੇਅੰਤ ਬਾਜਵਾ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਲਈ ਮੁੱਖ ਮੰਤਰੀ ਪੰਜਾਬ, ਗ੍ਰੀਨ ਟ੍ਰਿਬਿਊਨਲ ਦਿੱਲੀ, ਹਿਮਊਨ ਰਾਈਟਸ ਪੰਜਾਬ ਅਤੇ ਅਦਾਲਤ ਵਿੱਚ ਅਪੀਲ ਕਰਨਗੇ ਤਾਂ ਜੋ ਗੁਰਦੁਆਰਾ ਸਾਹਿਬ ਆਉਂਦੀ ਸੰਗਤ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਹੋਵੇ।