ਨਿੱਜੀ ਪੱਤਰ ਪ੍ਰੇਰਕ
ਮੋਗਾ, 31 ਜੁਲਾਈ
ਇੱਥੇ ਨਗਰ ਨਿਗਮ ਹਾਊਸ ਦਾ 2 ਅਗਸਤ ਨੂੰ ਹੋਣ ਵਾਲਾ ਪਹਿਲਾਂ ਇਜਲਾਸ ਵਿਵਾਦਾਂ ਵਿੱਚ ਘਿਰ ਗਿਆ ਹੈ। ਅਕਾਲੀ ਅਤੇ ’ਆਪ’ ਕੌਂਸਲਰਾਂ ਨੇ ਨਿਗਮ ਅਧਕਾਰੀਆਂ ਉੱਤੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਵਾਰਡਾਂ ’ਚ ਹੋਣ ਵਾਲੇ ਵਿਕਾਸ ਕੰਮਾਂ ਨੂੰ ਕਥਿਤ ਸਿਆਸੀ ਰੰਜਿਸ਼ ਤਹਿਤ ਏਜੰਡੇ ’ਚ ਨਹੀਂ ਪਾਇਆ ਗਿਆ।
ਨਗਰ ਨਿਗਮ ਮੇਅਰ ਨੀਤਿਕਾ ਭੱਲਾ ਨੇ ਪੱਖਪਾਤ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਦੀ ਸਾਰੇ ਸ਼ਹਿਰ ਦੇ ਵਿਕਾਸ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਨਿਗਮ ਅਧਿਕਾਰੀਆਂ ਨੂੰ ਏਜੰਡੇ ਦੀ ਸਮੀਖਿਆ ਕਰਨ ਦੀਆਂ ਹਦਾਇਤਾਂ ਦਿੱਤਆਂ ਗਈਆਂ ਹਨ,ਜੇ ਕਿਸੇ ਕੌਂਸਲਰ ਦੇ ਵਾਰਡ ਦੇ ਵਿਕਾਸ ਕੰਮ ਇਸ ਏਜੰਡੇ ’ਚ ਨਹੀਂ ਹਨ ਤਾਂ ਅਗਲੇ ਹਾਊਸ ਦੀ ਮੀਟਿੰਗ ਵਿੱਚ ਪਹਿਲ ਅਧਾਰ ਉੱਤੇ ਪਾਸ ਕਰ ਦਿੱਤੇ ਜਾਣਗੇ।
ਅਕਾਲੀ ਤੇ ‘ਆਪ’ ਕੌਂਸਲਰਾਂ ਨੇ ਨਗਰ ਨਿਗਮ ਮੇਅਰ ਨੀਤਿਕਾ ਭੱਲਾ ਨਾਲ ਮੁਲਾਕਾਤ ਕਰ ਕੇ ਦੋਸ਼ ਲਗਾਇਆ ਕਿ ਹਾਕਮ ਧਿਰ ਦੇ ਕੌਂਸਲਰਾਂ ਦਾ ਕੰਮ ਪਹਿਲ ਦੇ ਆਧਾਰ ’ਤੇ ਕਰਵਾਇਆ ਜਾ ਰਿਹਾ ਹੈ ਜਦੋਂ ਕਿ ਵਿਰੋਧੀ ਧਿਰ ਦੇ ਕੌਂਸਲਰਾਂ ਨਾਲ ਪੱਖਪਾਤ ਕਰ ਕੇ ਸਰਾਸਰ ਅਨਿਆਂ ਤੇ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵਾਰਡ ਵਿੱਚ ਹੋਣ ਵਾਲੇ ਵਿਕਾਸ ਕਾਰਜਾਂ ਤੋਂ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਪਰ ਵਿਰੋਧੀ ਧਿਰ ਦੇ ਕੌਂਸਲਰਾਂ ਦੇ ਵਾਰਡਾਂ ਵਿੱਚ ਵੀ ਵਿਕਾਸ ਕਾਰਜ ਬਿਨਾਂ ਵਿਤਕਰੇ ਤੋਂ ਹੋਣੇ ਚਾਹੀਦੇ ਹਨ। ਇਨ੍ਹਾਂ ਵਾਰਡਾਂ ਵਿੱਚ ਲੋਕ ਕਾਫੀ ਸਮੇਂ ਜ਼ਰੂਰੀ ਸਹੂਲਤਾਂ ਤੋਂ ਵਾਂਝੇ ਹਨ। ਵਾਰਡ ਨੰਬਰ 47 ਤੋਂ ਮਹਿਲਾ ਕੌਂਸਲਰ ਦੇ ਪਤੀ ਰਾਜ ਕੁਮਾਰ ਮੁਖੀਜਾ ਨੇ ਕਿਹਾ ਕਿ ਉਨ੍ਹਾਂ ਬਕਾਇਦਾ ਆਨਲਾਈਨ ਸੂਚੀ ਦਿੱਤੀ ਸੀ ਪਰ ਨਿਗਮ ਅਧਿਕਾਰੀਆਂ ਨੇ ਉਸ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਦਕਿ ਉਨ੍ਹਾਂ ਨੂੰ ਵਿਰੋਧੀ ਪਾਰਟੀ ਨਾਲ ਸਬੰਧਤ ਹੋਣ ਕਰਕੇ ਅਣਗੌਲਿਆ ਕੀਤਾ ਜਾ ਰਿਹਾ ਹੈ।