ਪਰਸ਼ੋਤਮ ਬੱਲੀ
ਬਰਨਾਲਾ, 31 ਜਨਵਰੀ
ਸਥਾਨਕ ਅਨਾਜ ਮੰਡੀ ਵਿਚ ਲੰਘੀ ਦੇਰ ਰਾਤ ਦੋ ਧੜਿਆਂ ਦਰਮਿਆਨ ਹੋਈ ਲੜਾਈ ’ਚ ਇਕ ਨੌਜਵਾਨ ਦੀ ਮੌਤ ਹੋ ਗਈ ਤੇ ਕੁਝ ਨੌਜਵਾਨ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਪੁਲੀਸ ਨੇ ਅੱਧੀ ਦਰਜਨ ਤੋਂ ਵੱਧ ਵਿਅਕਤੀਆਂ ਖ਼ਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਡੀਐੱਸਪੀ ਰਾਜੇਸ ਕੁਮਾਰ ਸਨੇਹੀ ਨੇ ਦੱਸਿਆ ਕਿ ਕੁਝ ਨੌਜਵਾਨਾਂ ਦੀ ਧੜੇਬੰਦੀ ਕਾਰਨ ਇਹ ਘਟਨਾ ਵਾਪਰੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਵਾਂ ਧੜਿਆਂ ਦਰਮਿਆਨ ਪਹਿਲਾਂ ਵੀ ਝਗੜੇ ਤੇ ਸਮਝੌਤੇ ਹੋਏ ਹਨ। ਬੀਤੀ ਦੇਰ ਰਾਤ ਦੋਵਾਂ ਧਿਰਾਂ ਵਿਚ ਫਿਰ ਕਿਸੇ ਗੱਲ ਨੂੰ ਲੈ ਕੇ ਦਾਣਾ ਮੰਡੀ ਵਿਚ ਝਗੜਾ ਹੋ ਗਿਆ। ਉਨ੍ਹਾਂ ਕਿਹਾ ਕਿ ਇਕ ਧਿਰ ਨਿਹੱਥੀ ਸੀ ਜਦਕਿ ਦੂਜੀ ਧਿਰ ਦੇ ਨੌਜਵਾਨਾਂ ਕੋਲ ਮਾਰੂ ਹਥਿਆਰ ਸਨ। ਆਹਮੋ-ਸਾਹਮਣੇ ਹੋਈ ਇਸ ਲੜਾਈ ’ਚ ਸਥਾਨਕ ਕਿਲਾ ਮੁਹੱਲਾ ਵਾਸੀ ਰੂਬਲ ਨਾਂ ਦੇ ਨੌਜਵਾਨ ਸਮੇਤ ਹੋਰ ਕਈ ਨੌਜਵਾਨ ਜਖ਼ਮੀ ਹੋ ਗਏ ਸਨ। ਰੂਬਲ ਜ਼ਿਆਦਾ ਜਖ਼ਮੀ ਹੋਣ ਕਾਰਨ ਉਸ ਨੂੰ ਬਰਨਾਲਾ ਤੋਂ ਅੱਗੇ ਰੈਫਰ ਕਰ ਦਿੱਤਾ ਗਿਆ, ਜਿੱਥੇ ਇਲਾਜ ਅਧੀਨ ਮੌਤ ਹੋ ਗਈ। ਮ੍ਰਿਤਕ ਦੇ ਪਿਤਾ ਦਲਜੀਤ ਸਿੰਘ ਵਾਸੀ ਕਿਲ੍ਹਾ ਮੁਹੱਲਾ ਬਰਨਾਲਾ ਦੇ ਬਿਆਨਾਂ ਦੇ ਆਧਾਰ ’ਤੇ ਮਨਿੰਦਰ ਉਰਫ਼ ਬੈਨੀਪਾਲ, ਤਨਵਰ, ਪ੍ਰਿੰਸਪਾਲ ਸਿੰਘ, ਸੁਖਜਿੰਦਰ ਸਿੰਘ ਸਮੇਤ ਅੱਧੀ ਦਰਜਨ ਤੋਂ ਵੱਧ ਨੌਜਵਾਨਾਂ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਸੁਰੂ ਕਰ ਦਿੱਤੀ ਹੈ।