ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 25 ਮਈ
ਨਰਮੇ ਦੇ ਖ਼ਰਾਬੇ ਦਾ ਮੁਆਵਜ਼ਾ ਖੇਤ ਮਜ਼ਦੂਰਾਂ ਵਿੱਚ ਤਕਸੀਮ ਕਰਨ ਲਈ ਖੇਤ ਮਜ਼ਦੂਰਾਂ ਦੀ ਸ਼ਨਾਖਤ ਕਰਨ ਲਈ ਅਪਣਾਏ ਜਾਂਦੇ ਮਾਪਦੰਡਾਂ ਤੋਂ ਖੇਤ ਮਜ਼ਦੂਰ ਖਫ਼ਾ ਹਨ| ਇਸ ਸਬੰਧ ਵਿੱਚ ਖੇਤ ਮਜ਼ਦੂਰਾਂ ਦਾ ਇਕ ਵਫ਼ਦ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਗੁਰਜੰਟ ਸਿੰਘ ਸਾਉਂਕੇ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਨੂੰ ਮਿਲਿਆ| ਉਨ੍ਹਾਂ ਦੱਸਿਆ ਕਿ ਪਿੰਡਾਂ ‘ਚ ਕਈ ਸਰਪੰਚ ਤੇ ਪੰਚ ਆਪੂੰ ਬਣਾਏ ਫਾਰਮ ਭਰ ਕੇ ਆਪਣੇ ਚਹੇਤਿਆਂ ਨੂੰ ਨਰਮਾ ਮਜ਼ਦੂਰ ਬਣਾ ਰਹੇ ਹਨ ਜਦੋਂ ਕਿ ਅਸਲੀ ਮਜ਼ਦੁੂਰ ਘਰਾਂ ‘ਚ ਬੈਠੇ ਹਨ|
ਉਨ੍ਹਾਂ ਦੱਸਿਆ ਕਿ ਖੇਤ ਮਜ਼ਦੂਰਾਂ ਦੀ ਸਹੀ ਪਛਾਣ ਵਾਸਤੇ ਪਿੰਡ ਦਾ ਸਾਂਝਾ ਇਜਲਾਸ ਸੱਦਣ ਦੀ ਲੋੜ ਹੈ ਤੇ ਉਹ ਇਜਲਾਸ ਵਿੱਚ ਸਰਪੰਚ, ਨੰਬਰਦਾਰ ਤੇ ਖੇਤ ਮਜ਼ਦੂਰ ਆਗੂ ਦੀ ਹਾਜ਼ਰੀ ਵਿੱਚ ਖੇਤ ਮਜ਼ਦੂਰਾਂ ਦੀ ਸ਼ਨਾਖਤ ਕੀਤੀ ਜਾਵੇ| ਵਫ਼ਦ ਜ਼ਿਲ੍ਹਾ ਆਗੂ ਕਾਲਾ ਸਿੰਘ ਖੂਨਣ ਖੁਰਦ, ਬਾਜ ਸਿੰਘ ਭੁੱਟੀ ਵਾਲਾ, ਕਾਕਾ ਸਿੰਘ ਖੁੰਡੇੇ ਹਲਾਲ, ਰਾਜਾ ਸਿੰਘ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਮਜ਼ਦੂਰਾਂ ਨੂੰ ਨਰਮੇ ਦੀ ਚੁਗਾਈ ਦੇ ਮੁਆਵਜ਼ੇ ਵਿੱਚ ਮਜ਼ਦੂਰਾਂ ਦੀ ਸ਼ਨਾਖ਼ਤ ਕਰਨ ਸਬੰਧੀ ਪ੍ਰਸ਼ਾਸਨ ਅਤੇ ਪੰਚਾਇਤ ਵੱਲੋਂ ਵੱਡੀ ਪੱਧਰ ’ਤੇ ਮਜ਼ਦੂਰਾਂ ਨੂੰ ਫਾਰਮ ਭਰਾਉਣ ਅਤੇ ਇਸ ਫਾਰਮ ਉੱਤੇ ਨਰਮਾ ਚੁਗਾਈ ਵਾਲੇ ਸਬੰਧਤ ਕਿਸਾਨ ਦੇ ਦਸਤਖ਼ਤ ਕਰਾਉਣ ਦੇ ਨਾਂ ’ਤੇ ਖੱਜਲ ਖੁਆਰ ਕੀਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਵਨੀਤ ਕੁਮਾਰ ਅਤੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਨੇ ਯੂਨੀਅਨ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਕਿ ਮਜ਼ਦੂਰਾਂ ਦੀ ਨਰਮਾ ਚੁਗਾਈ ਦੇ ਮੁਆਵਜ਼ੇ ਦੀ ਸ਼ਨਾਖਤ ਸਮੇਂ ਪਿੰਡਾਂ ਵਿੱਚ ਇਕੱਠ ਕਰਕੇ ਪੰਚਾਇਤ ਅਧਿਕਾਰੀਆਂ ਵਲੋਂ ਮਜ਼ਦੂਰਾਂ ਦੀਆਂ ਲਿਸਟਾਂ ਹੀ ਬਣਾਈਆਂ ਜਾਣਗੀਆਂ ਕਿਸੇ ਤਰ੍ਹਾਂ ਦਾ ਕੋਈ ਵੀ ਫਾਰਮ ਨਹੀਂ ਭਰਵਾਇਆ ਜਾਵੇਗਾ ਅਤੇ ਕੱਲ੍ਹ ਤਕ ਜ਼ਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਮਨਰੇਗਾ ਦਾ ਕੰਮ ਵੀ ਹਰ ਹਾਲਤ ਵਿੱਚ ਚਲਾ ਦਿੱਤਾ ਜਾਵੇਗਾ। ਇਸ ਸਮੇਂ ਜਸਵਿੰਦਰ ਸਿੰਘ ਸੰਗੂਧੌਣ, ਸਰਬਜੀਤ ਕੌਰ, ਕਰਨੈਲ ਕੌਰ ਅਬਲੂ ਕੋਟਲੀ, ਗੁਰਜੰਟ ਸਿੰਘ ਆਲਮ ਵਾਲਾ, ਹਰਜੀਤ ਸਿੰਘ ਕਰਾਈ ਵਾਲਾ ਆਦਿ ਸ਼ਾਮਿਲ ਸਨ।