ਜਸਵੰਤ ਜੱਸ
ਫ਼ਰੀਦਕੋਟ, 31 ਜਨਵਰੀ
ਫ਼ਰੀਦਕੋਟ ਤੋਂ ‘ਆਪ’ ਦੇ ਉਮੀਦਵਾਰ ਗੁਰਦਿੱਤ ਸਿੰਘ ਸੇਖੋਂ ਸਮੇਤ ਅੱਜ 27 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਸ੍ਰੀ ਸੇਖੋਂ ਨੇ ਨਾਮਜ਼ਦਗੀ ਪੱਤਰ ਭਰਨ ਤੋਂ ਪਹਿਲਾਂ ਆਪਣੇ ਕਵਰਿੰਗ ਉਮੀਦਵਾਰ ਬੇਅੰਤ ਕੌਰ ਸੇਖੋਂ ਅਤੇ ਸਾਬਕਾ ਸਾਂਸਦ ਪ੍ਰੋ. ਸਾਧੂ ਸਿੰਘ ਨਾਲ ਸ਼ਹਿਰ ਦਾ ਟਰੈਕਟਰ ਉੱਪਰ ਚੱਕਰ ਲਾਇਆ ਅਤੇ ਬਾਜ਼ਾਰਾਂ ਵਿੱਚੋਂ ਹੁੰਦੇ ਹੋਏ ਜ਼ਿਲ੍ਹਾ ਚੋਣ ਅਫ਼ਸਰ ਦੇ ਦਫ਼ਤਰ ਪੁੱਜੇ। ਉਨ੍ਹਾਂ ਪੰਜ ਸਾਲਾਂ ਦੌਰਾਨ ਆਪਣੀ ਇੱਕ ਕਰੋੜ ਰੁਪਏ ਦੀ ਜਾਇਦਾਦ ਨਿਲਾਮ ਕੀਤੀ ਹੈ ਅਤੇ ਹੁਣ ਉਹਨਾਂ ਕੋਲ ਇੱਕ ਕਰੋੜ ਦੀ ਜਾਇਦਾਦ ਚੱਲ-ਅਚੱਲ ਜਾਇਦਾਦ ਹੈ। ਇਸੇ ਤਰ੍ਹਾਂ ਸੀਪੀਆਈ (ਐੱਮ.ਐੱਲ) ਲਬਿਰੇਸ਼ਨ ਦੇ ਉਮੀਦਵਾਰ ਸਤਨਾਮ ਸਿੰਘ, ਸੰਯੁਕਤ ਸਮਾਜ ਮੋਰਚਾ ਵੱਲੋਂ ਰਵਿੰਦਰ ਕੌਰ ਅਤੇ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਗੁਰਸੇਵਕ ਸਿੰਘ ਭਾਣਾ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਜ਼ਿਲ੍ਹਾ ਚੋਣ ਅਫ਼ਸਰ ਹਰਬੀਰ ਸਿੰਘ ਨੇ ਦੱਸਿਆ ਕਿ ਫਰੀਦਕੋਟ ਵਿਧਾਨ ਸਭਾ ਹਲਕੇ ਲਈ 11 ਉਮੀਦਵਾਰ, ਕੋਟਕਪੂਰਾ ਵਿਧਾਨ ਸਭਾ ਹਲਕੇ ਤੋਂ 8 ਅਤੇ ਜੈਤੋ ਵਿਧਾਨ ਸਭਾ ਹਲਕੇ ਦੇ 8 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ।
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਪ੍ਰੀਤ): ‘ਆਪ’ ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਤੇ ਕਾਂਗਰਸੀ ਉਮੀਦਵਾਰ ਕਰਨ ਕੌਰ ਬਰਾੜ ਨੇ ਰਿਟਰਨਿੰਗ ਅਫ਼ਸਰ ਸਵਰਨਜੀਤ ਕੌਰ ਪਾਸ ਆਪਣੇ ਨਾਮਜ਼ਦਗੀ ਪੇਪਰ ਦਾਖ਼ਲ ਕੀਤੇ।
ਗਿੱਦੜਬਾਹਾ (ਦਵਿੰਦਰ ਮੋਹਨ ਬੇਦੀ): ਆਪ ਉਮੀਦਵਾਰ ਐਡਵੋਕੇਟ ਪ੍ਰਿਤਪਾਲ ਸ਼ਰਮਾ ਪਾਲੀ ਨੇ ਅੱਜ ਐੱਸਡੀਐੱਮ-ਕਮ-ਰਿਟਰਨਿੰਗ ਅਫ਼ਸਰ ਗਗਨਦੀਪ ਸਿੰਘ ਦੇ ਦਫ਼ਤਰ ਵਿਖੇ ਆਪਣੇ ਨਾਮਜ਼ਦਗੀ ਪਰਚੇ ਦਾਖਲ ਕੀਤੇ ਜਦਕਿ ਸੁਖਜਿੰਦਰ ਸਿੰਘ ਕਾਉਣੀ ਨੇ ਉਨ੍ਹਾਂ ਕਵਰਿੰਗ ਉਮੀਦਵਾਰ ਵਜੋਂ ਨਾਮਜ਼ਦਗੀ ਪਰਚੇ ਦਾਖ਼ਲ ਕੀਤੇ ਹਨ।
ਮੋਗਾ (ਮਹਿੰਦਰ ਸਿੰਘ ਰੱਤੀਆਂ): ਪੰਜਾਬ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀਆਂ ਭਰਨ ਦੇ 5ਵੇਂ ਦਿਨ ਜ਼ਿਲ੍ਹੇ ਵਿਚ ਦਸ ਉਮੀਦਵਾਰਾਂ ਨੇ ਆਪਣੀਆਂ ਨਾਮਜ਼ਦਗੀਆਂ ਦਾਖ਼ਲ ਕੀਤੀਆਂ। ਵਿਧਾਨ ਸਭਾ ਹਲਕਾ ਮੋਗਾ ਤੋਂ ਕਾਂਗਰਸ ਉਮੀਦਵਾਰ ਮਾਲਵਿਕਾ ਸੱਚਰ ਸੂਦ ਨੇ ਸਾਈਕਲ ’ਤੇ ਜਾ ਕੇ ਨਾਮਜ਼ਦਗੀ ਦਾਖ਼ਲ ਕੀਤੀ। ਇਸ ਤਰ੍ਹਾਂ ਮੋਗਾ ਤੋਂ ਅਕਾਲੀ ਦਲ ਅੰਮ੍ਰਿਤਸਰ ਦੇ ਮਨਜੀਤ ਸਿੰਘ ਮੱਲਾ, ਬਾਘਾਪੁਰਾਣਾ ਤੋਂ ’ਆਪ’ ਉਮੀਦਵਾਰ ਅੰਮ੍ਰਿਤਪਾਲ ਸਿੰਘ ਸੁਖਾਨੰਦ, ਅਕਾਲੀ ਦਲ (ਸੰਯੁਕਤ) ਉਮੀਦਵਾਰ ਜਗਤਾਰ ਸਿੰਘ ਰਾਜੇਆਣਾ ਅਤੇ ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਤੋਂ ਜਸਬੀਰ ਕੌਰ ਨੇ ਪੰਜਾਬ ਲੋਕ ਕਾਂਗਰਸ ਪਾਰਟੀ ਦੀ ਨਾਮਜ਼ਦਗੀ ਦਾਖ਼ਲ ਕੀਤੀ। ਧਰਮਕੋਟ ਤੋਂ ਮੌਜੂਦਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ, ਸੀਪੀਆਈ. (ਐਮ) ਉਮੀਦਵਾਰ ਸੁਰਜੀਤ ਸਿੰਘ, ਸੰਯੁਕਤ ਸਮਾਜ ਮੋਰਚਾ ਉਮੀਦਵਾਰ ਹਰਪ੍ਰੀਤ ਸਿੰਘ, ਅਕਾਲੀ ਦਲ (ਅ) ਉਮੀਦਵਾਰ ਬਲਰਾਜ ਸਿੰਘ ਖਾਲਸਾ, ਲੋਕ ਇਨਸਾਫ਼ ਪਾਰਟੀ ਉਮੀਦਵਾਰ ਜਗਜੀਤ ਸਿੰਘ ਨੇ ਨਾਮਜਦਗੀ ਦਾਖਲ ਕੀਤੀ।
ਮਾਨਸਾ (ਜੋਗਿੰਦਰ ਸਿੰਘ ਮਾਨ): ਜ਼ਿਲ੍ਹਾ ਚੋਣ ਅਫਸਰ ਮਹਿੰਦਰ ਪਾਲ ਨੇ ਦੱਸਿਆ ਕਿ ਅੱਜ ਜ਼ਿਲ੍ਹੇ ਦੇ ਤਿੰਨੋਂ ਵਿਧਾਨ ਸਭਾ ਹਲਕਿਆਂ ਵਿਚ 18 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ, ਜਿਨ੍ਹਾਂ ਵਿਚ ਮਾਨਸਾ ਤੋਂ ਅਖਿਲ ਭਾਰਤੀਯ ਰਾਸ਼ਟਰੀਆ ਸਭਾ ਦੇ ਬਲਵੰਤ ਸਿੰਘ, ਇੰਡੀਅਨ ਨੈਸ਼ਨਲ ਕਾਂਗਰਸ ਦੇ ਸ਼ੁਭਦੀਪ ਸਿੰਘ, ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਲਿਨਵਾਦੀ) ਰੈਡ ਸਟਾਰ ਦੇ ਸ਼ਿਵਚਰਨ ਦਾਸ ਅਤੇ ਆਜ਼ਾਦ ਉਮੀਦਵਾਰ ਗੁਰਨਾਮ ਸਿੰਘ ਸ਼ਾਮਲ ਹਨ। ਇਸੇ ਤਰ੍ਹਾਂ ਸਰਦੂਲਗੜ੍ਹ ਤੇ ਬੁਢਲਾਡਾ ਤੋਂ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ।
ਬਠਿੰਡਾ (ਸ਼ਗਨ ਕਟਾਰੀਆ/ਮਨੋਜ ਸ਼ਰਮਾ): ਬਠਿੰਡਾ ਜ਼ਿਲ੍ਹੇ ਵਿੱਚ ਅੱਜ ਵਿਧਾਇਕਾ ਪ੍ਰੋ. ਬਲਜਿੰਦਰ ਕੌਰ, ਡੇਰਾ ਸਿਰਸਾ ਦੇ ਮੁਖੀ ਦੇ ਕੁੜਮ ਹਰਿਮੰਦਰ ਸਿੰਘ ਜੱਸੀ ਤੇ ਲੱਖਾ ਸਿਧਾਣਾ ਨੇ ਆਜ਼ਾਦ, ਜਗਮੀਤ ਸਿੰਘ ਬਰਾੜ ਤੇ ਸਿਕੰਦਰ ਸਿੰਘ ਮਲੂਕਾ ਨੇ ਅੱਜ ਦੂਜੀ ਵਾਰ ਇੱਕ-ਇੱਕ ਹੋਰ ਸੈੱਟ ਨਾਮਜ਼ਦਗੀ ਪੱਤਰਾਂ ਦੇ ਦਾਖ਼ਲ ਕਰਵਾਏ। ਅੱਜ 36 ਨਾਮਜ਼ਦਗੀਆਂ ਦਾਖ਼ਲ ਹੋਣ ਨਾਲ ਜ਼ਿਲ੍ਹੇ ’ਚ ਨਾਮਜ਼ਦਗੀ ਭਰਨ ਵਾਲੇ ਕੁੱਲ ਉਮੀਦਵਾਰਾਂ ਦੀ ਗਿਣਤੀ 85 ਹੋ ਗਈ ਹੈ। ਅੱਜ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਤੋਂ 8, ਭੁੱਚੋ ਤੋਂ 1, ਬਠਿੰਡਾ (ਸ਼ਹਿਰੀ) ਤੋਂ 3, ਬਠਿੰਡਾ (ਦਿਹਾਤੀ) ਤੋਂ 6, ਤਲਵੰਡੀ ਸਾਬੋ ਤੋਂ 7 ਅਤੇ ਮੌੜ ਤੋਂ 11 ਉਮੀਦਵਾਰਾਂ ਨੇ ਨਾਮਜ਼ਦਗੀਆਂ ਦਾਖ਼ਲ ਕਰਵਾਈਆਂ।
ਫਾਜ਼ਿਲਕਾ (ਪਰਮਜੀਤ ਸਿੰਘ): ਕਾਂਗਰਸ ਪਾਰਟੀ ਦੇ ਉਮੀਦਵਾਰ ਦਵਿੰਦਰ ਘੁਬਾਇਆ ਨੇ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ।
ਚੰਨੀ ਦੇ ਆਉਣ ਨਾਲ ਧੜੇਬੰਦੀ ਨੂੰ ਠੱਲ੍ਹ ਪਈ!
ਸ਼ਹਿਣਾ (ਪੱਤਰ ਪ੍ਰੇਰਕ): ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵਿਧਾਨ ਸਭਾ ਹਲਕਾ ਭਦੌੜ (ਰਾਖਵਾਂ) ਤੋਂ ਕਾਂਗਰਸ ਪਾਰਟੀ ਵੱਲੋਂ ਉਮੀਦਵਾਰ ਬਣਾਏ ਜਾਣ ਪਿੱਛੋਂ ਕਾਂਗਰਸੀ ਵਰਕਰ ਬਾਗੋਬਾਰ ਹਨ ਅਤੇ ਕਾਂਗਰਸ ਵਿੱਚ ਧੜੇਬੰਦੀ ਨੂੰ ਠੱਲ੍ਹ ਪਈ ਹੈ। ਚੰਨੀ ਦੇ ਆਉਣ ਪਿੱਛੋਂ ਕਾਂਗਰਸੀ ਧੜੇ ਚੰਨੀ ਦੀ ਜਿੱਤ ਲਈ ਜ਼ੋਰ ਲਾਉਣਗੇ। ਇਸ ਮੌਕੇ ਲੱਡੂ ਵੰਡੇ ਗਏ ਹਨ। ਚੰਨੀ ਦੀ ਉਮੀਦਵਾਰ ਤੋਂ ਪਹਿਲਾਂ 15 ਦੇ ਆਸਪਾਸ ਉਮੀਦਵਾਰ ਸਨ, ਜੋ ਭਦੌੜ ਵਿਧਾਨ ਸਭਾ ਹਲਕੇ ਤੋਂ ਟਿਕਟ ਭਾਲਦੇ ਸਨ। ਅੱਜ ਸਾਰੇ ਹੀ ਚੰਨੀ ਦੇ ਐਲਾਨ ਤੋਂ ਖੁਸ਼ ਦੇਖੇ ਗਏ।