ਪੱਤਰ ਪ੍ਰੇਰਕ
ਬੋਹਾ, 22 ਜੂਨ
ਡਾ. ਅੰਬੇਡਕਰ ਕਰਮਚਾਰੀ ਮਹਾਸੰਘ ਪੰਜਾਬ ਦੇ ਸੂਬਾ ਪ੍ਰਧਾਨ ਡਾ. ਜਤਿੰਦਰ ਸਿੰਘ ਮੱਟੂ ਨੇ ਖੇਤਰ ਦੇ ਪਿੰਡ ਆਲਮਪੁਰ ਮੰਦਰਾਂ ਤੇ ਬਰ੍ਹੇ ਦੇ ਮਜ਼ਦੂਰਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਲਈ ਸਬੰਧਤ ਅਧਿਕਾਰੀਆਂ ਅਤੇ ਵਿਧਾਨ ਸਭਾ ਹਲਕਾ ਬੁਢਲਾਡਾ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਮਜ਼ਦੂਰ ਵਰਗ ਆਪਣੀ ਦਿਹਾੜੀ ਤੇ ਝੋਨੇ ਦੀ ਲਵਾਈ ਦਾ ਰੇਟ ਵਧਾਉਣ ਲਈ ਪਿਛਲੇ ਇਕ ਮਹੀਨੇ ਤੋਂ ਸੰਘਰਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਮਗਨਰੇਗਾ ਸਕੀਮ ਤਹਿਤ ਕੰਮ ਵੀ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਦੱਸਿਆ ਕਿ ਮੀਟਿੰਗ ਕਰਨ ਤੋਂ ਬਾਅਦ ਮਜ਼ਦੂਰਾਂ ਦੇ ਕਾਫੀ ਮਸਲੇ ਮੌਕੇ ’ਤੇ ਹੱਲ ਹੋ ਗਏ ਹਨ। ਉਨ੍ਹਾਂ ਦੱਸਿਆ ਕੇ ਪੰਚਾਇਤ ਵਿਭਾਗ ਨਾਲ ਸਬੰਧਤ ਅਧਿਕਾਰੀਆਂ ਨੇ ਆਪਣੇ ਕਰਮਚਾਰੀਆਂ ਪਾਸੋਂ ਸਾਰੇ ਪਿੰਡਾਂ ਦੇ ਕੰਮਾਂ ਦਾ ਖਾਕਾ ਮੰਗ ਲਿਆ ਹੈ ਅਤੇ ਜਲਦ ਹੀ ਮਜ਼ਦੂਰਾਂ ਨੂੰ ਕੰਮ ਦੇਣ ਦਾ ਭਰੋਸਾ ਦਿਵਾਇਆ ਹੈ।