ਖੇਤਰੀ ਪ੍ਰਤੀਨਿਧ
ਬਰਨਾਲਾ, 24 ਦਸੰਬਰ
ਲੰਘੇ ਸਮੇਂ 2 ਰਸੂਖਦਾਰ ਡਾਕਟਰਾਂ ਖ਼ਿਲਾਫ਼ ਜਾਂਚ ਉਪਰੰਤ ਕਾਰਵਾਈ ਕਰਨ ਵਾਲੇ ਸਿਵਲ ਸਰਜਨ ਬਰਨਾਲਾ ਨੂੰ ਲੰਘੇ ਦਿਨ ਅਚਾਨਕ ਚੰਡੀਗੜ੍ਹ ਦਫ਼ਤਰ ਵਿੱਚ ਹਾਜ਼ਰੀ ਦੇ ਮਿਲੇ ਹੁਕਮਾਂ ਤੋਂ ਖਫ਼ਾ ਵੱਖ-ਵੱਖ ਸੰਘਰਸ਼ਸ਼ੀਲ ਜਨਤਕ ਜਥੇਬੰਦੀਆਂ ਆਧਾਰਿਤ ਗਠਿਤ ਸਿਵਲ ਹਸਪਤਾਲ ਬਚਾਓ ਕਮੇਟੀ ਸੰਘਰਸ਼ੀ ਮੋਡ ’ਚ ਆ ਗਈ ਹੈ। ਸਿਵਲ ਸਰਜਨ ਡਾ. ਜਸਵੀਰ ਸਿੰਘ ਔਲਖ ਦੀ ਹਮਾਇਤ ’ਚ ਨਿਤਰਦਿਆਂ ਕਮੇਟੀ ਵਫ਼ਦ ਵੱਲੋਂ ਐੱਸ.ਡੀ.ਐੱਮ. ਬਰਨਾਲਾ ਰਾਹੀਂ ਸਰਕਾਰ ਤੇ ਵਿਭਾਗੀ ਉੱਚ ਅਧਿਕਾਰੀਆਂ ਨੂੰ ਬਦਲੀ ਰੋਕਣ ਤੇ ਮਾਮਲੇ ਦੀ ਵਿਜੀਲੈਂਸ ਜਾਂਚ ਦੀ ਮੰਗ ਕਰਦਾ ਪੱਤਰ ਸੌਂਪ ਕੇ 7 ਦਿਨਾਂ ਦਾ ਅਲਟੀਮੇਟਮ ਦਿੱਤਾ ਹੈ। ਹਸਪਤਾਲ ਦੇ ਮੁਲਾਜ਼ਮ ਤੇ ਡਾਕਟਰਾਂ ਨੇ ਵੀ ਸਿਵਲ ਸਰਜਨ ਦੀ ਹਮਾਇਤ ’ਚ ਕੰਮ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ। ਦੱਸਣਯੋਗ ਹੈ ਕਿ ਪਿਛਲੇ ਅਰਸੇ ਦੌਰਾਨ ਭ੍ਰਿਸ਼ਟਾਚਾਰ ਦੀ ਸ਼ਿਕਾਇਤ ’ਤੇ ਸਿਵਲ ਸਰਜਨ ਡਾ. ਔਲਖ ਦੀ ਜਾਂਚ ਰਿਪੋਰਟ ਦੇ ਆਧਾਰ ’ਤੇ ਵਿਭਾਗ ਵੱਲੋਂ ਹਸਪਤਾਲ ਵਿੱਚ ਤਾਇਨਾਤ ਦੋ ਸਿਆਸੀ ਅਸਰਰਸੂਖ਼ ਵਾਲੇ ਹੱਡੀਆਂ ਦੇ ਡਾਕਟਰਾਂ ਨੂੰ ਮੁਅੱਤਲ ਕੀਤਾ ਸੀ।