ਖੇਤਰੀ ਪ੍ਰਤੀਨਿਧ/ਨਿੱਜੀ ਪੱਤਰ ਪ੍ਰੇਰਕ
ਬਰਨਾਲਾ, 6 ਮਈ
ਪੰਜਾਬ ਸਰਕਾਰ ਤੋਂ ਤਨਖਾਹਾਂ ਵਧਾਉਣ ਅਤੇ ਪੱਕੇ ਹੋਣ ਦੀ ਆਸ ਲਾ ਕੇ ਬੈਠੇ ਕੱਚੇ ਸਿਹਤ ਮੁਲਾਜ਼ਮਾਂ ਨੂੰ ਸਰਕਾਰ ਨੇ ਇੱਕ ਵੱਡਾ ਝਟਕਾ ਦਿੰਦਿਆਂ ਪਹਿਲਾਂ ਮਿਲਦੀ ਨਿਗੂਣੀ ਤਨਖਾਹ ’ਤੇ ਵੀ ਕੈਂਚੀ ਫੇਰਨ ਦੀ ਤਿਆਰੀ ਵਿੱਢ ਲਈ ਹੈ। ਇਹ ਪ੍ਰਗਟਾਵਾ ਐੱਨਐੱਚਐੱਮ ਮੁਲਾਜ਼ਮਾਂ ਨੇ ਕੀਤਾ। ਇਸ ਦੌਰਾਨ ਉਨ੍ਹਾਂ ਐੱਨਐੱਚਐੱਮ ਪੰਜਾਬ ਦੇ ਮਿਸ਼ਨ ਡਾਇਰੈਕਟਰ ਵੱਲੋਂ ਇਸ ਸਬੰਧੀ ਪੱਤਰ ਜਾਰੀ ਕਰਨ ਦਾ ਵਿਰੋਧ ਕਰਦਿਆਂ ਜ਼ਿਲ੍ਹਾ ਪੱਧਰੀ ਇਕੱਤਰਤਾ ਦੌਰਾਨ ਸਿਵਲ ਹਸਪਤਾਲ ਬਰਨਾਲਾ ਦੇ ਪਾਰਕ ‘ਚ ਪੱਤਰ ਦੀਆਂ ਕਾਪੀਆਂ ਫੂਕ ਕੇ ਰੋਸ ਪ੍ਰਗਟ ਕੀਤਾ। ਐੱਨਐੱਚਐੱਮ ਐਂਪਲਾਈਜ਼ ਯੂਨੀਅਨ ਦੇ ਆਗੂਆਂ ਕਮਲਜੀਤ ਕੌਰ ਪੱਤੀ, ਅਰੁਣ ਕੁਮਾਰ, ਲਖਵੰਤ ਸਿੰਘ, ਵਿੱਕੀ, ਗੁਰਪ੍ਰੀਤ ਕੌਰ, ਅਮਿੱਤ ਕੁਮਾਰ, ਵਿਪਨ ਕੁਮਾਰ, ਮਾਇਆ, ਮਨਜਿੰਦਰ ਸਿੰਘ, ਕਿਰਨਦੀਪ ਕੌਰ, ਗਗਨਦੀਪ ਕੌਰ ਤੇ ਅਮਰਪ੍ਰੀਤ ਕੌਰ ਆਦਿ ਨੇ ਪੱਤਰ ਵਾਪਸ ਲੈਣ ਅਤੇ ਪੂਰੀਆਂ ਤਨਖਾਹਾਂ ਸਮੇਤ ਰੈਗੂਲਰ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਸਿਹਤ ਵਿਭਾਗ ਵਿੱਚ ਪਿਛਲੇ ਲਗਪਗ 15 ਸਾਲ ਤੋਂ ਨਿਗੂਣੀਆਂ ਤਨਖਾਹਾਂ ਤਹਿਤ ਠੇਕੇ ’ਤੇ ਕੰਮ ਕਰ ਰਹੇ ਹਨ ਤੇ ਸਾਰੇ ਐੱਨਐੱਚਐੱਮ ਮੁਲਾਜ਼ਮਾਂ ਨੇ ਕੋਵਿਡ-19 ਮਹਾਮਾਰੀ ਦੌਰਾਨ ਆਪਣੀ ਜਾਨ ਜੋਖਮ ਵਿੱਚ ਪਾਉਂਦਿਆਂ ‘ਫਰੰਟਲਾਈਨ’ ਕਾਮਿਆਂ ਵਜੋਂ ਕੰਮ ਕੀਤਾ ਸੀ ਪਰ ਹੁਣ ਸਰਕਾਰ ਤਣਖਾਹਾਂ ਘਟਾਉਣ ਦਾ ਤੋਹਫਾ ਦੇ ਰਹੀ ਹੈ। ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਸਰਕਾਰ ਬਣਨ ’ਤੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾ ਤਾਂ ਦੂਰ ਬਲਕਿ ਉਨ੍ਹਾਂ ਨੂੰ 5 ਸਾਲ ਪੂਰੇ ਹੋਣ ’ਤੇ ਮਿਲਦਾ ਲੌਇਲਟੀ ਬੋਨਸ ਬੰਦ ਕਰਨ ਸਬੰਧੀ ਫੁਰਮਾਨ ਜਾਰੀ ਕਰ ਦਿੱਤਾ ਹੈ ਜਿਸ ਕਾਰਨ ਮੁਲਾਜ਼ਮਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।