ਖੇਤਰੀ ਪ੍ਰਤੀਨਿਧ
ਬਰਨਾਲਾ, 2 ਅਗਸਤ
ਪ੍ਰਧਾਨ ਮੰਤਰੀ ਆਵਾਸ ਯੋਜਨਾ (ਗ੍ਰਾਮੀਣ) ਅਧੀਨ ਕੀਤੇ ਕਾਰਜਾਂ ਦੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਤੇਜ ਪ੍ਰਤਾਪ ਸਿੰੰਘ ਫੂਲਕਾ ਨੇ ਦੱਸਿਆ ਕਿ ਬੀਤੇ ਵਰ੍ਹੇ ਟੀਚੇ ਤਹਿਤ ਪ੍ਰਧਾਨ ਮੰਤਰੀ ਆਵਾਸ ਯੋਜਨਾ ਗ੍ਰਾਮੀਣ ਸਕੀਮ ਤਹਿਤ ਜ਼ਿਲ੍ਹਾ ਬਰਨਾਲਾ ਨੇ 54 ਨੂੰ ਬਣਾਉਣ ਦਾ ਟੀਚਾ ਮੁਕੰਮਲ ਕਰ ਲਿਆ ਹੈ। ਬੀਤੇ ਸਮੇਂ ਜ਼ਿਲ੍ਹਾ ਬਰਨਾਲਾ ਦੇ ਟਾਰਗੇਟ ਅਧੀਨ ਬਲਾਕ ਬਰਨਾਲਾ ਅਧੀਨ 14 ਘਰ, ਬਲਾਕ ਸ਼ਹਿਣਾ ਅਧੀਨ 20, ਬਲਾਕ ਮਹਿਲ ਕਲਾਂ ਅਧੀਨ 20 ਘਰ ਚੁਣੇ ਗਏ ਸਨ। ਕੁੱਲ 54 ਘਰਾਂ ਵਿੱਚੋਂ ਸ਼ਹਿਣਾ ਦੇ ਇੱਕ ਲਾਭਪਾਤਰੀ ਵੱਲੋਂ ਘਰ ਨਾ ਬਣਾਉਣ ਦੀ ਇੱਛਾ ਨਾਲ ਕਿਸ਼ਤ ਵਾਪਸ ਕੀਤੀ ਗਈ ਅਤੇ ਬਾਕੀ 53 ਘਰਾਂ ਦਾ ਕੰਮ ਮੁਕੰਮਲ ਹੋ ਚੁੱਕਿਆ ਹੈ। ਇਸ ਤੋਂ ਇਲਾਵਾ ਆਵਾਸ ਪਲੱਸ ਪੋਰਟਲ ’ਤੇ ਜ਼ਿਲ੍ਹਾ ਬਰਨਾਲਾ ਦੇ ਪਿੰਡਾਂ ਨਾਲ ਸਬੰਧਤ 3656 ਘਰਾਂ ਨੂੰ ਰਜਿਸਟਰ ਕੀਤਾ ਗਿਆ ਹੈ, ਜਿਨ੍ਹਾਂ ਦੀ ਵੈਰੀਫਿਕੇਸ਼ਨ ਦਾ ਕੰਮ ਚੱਲ ਰਿਹਾ ਹੈ। ਸਰਕਾਰ ਵੱਲੋਂ ਪ੍ਰਵਾਨਗੀ ਅਤੇ ਟੀਚਾ ਮਿਲਣ ’ਤੇ ਯੋਗ ਘਰਾਂ ਨੂੰ ਮਨਜ਼ੂਰ ਕਰਨ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਲਾਭਪਾਤਰੀ ਨੂੰ 1 ਲੱਖ 20 ਹਜ਼ਾਰ ਰੁਪਏ ਤਿੰਨ ਕਿਸ਼ਤਾਂ ਵਿਚ ਦਿੱਤੇ ਜਾਂਦੇ ਹਨ।ਇਸ ਤੋਂ ਇਲਾਵਾ ਆਪਣੇ ਘਰ ਵਿਚ ਕੰਮ ਕਰਨ ’ਤੇ ਮਗਨਰੇਗਾ ਤਹਿਤ 90 ਦਿਹਾੜੀਆਂ ਦਾ ਮਿਹਨਤਾਨਾ ਦਿੱਤਾ ਜਾਂਦਾ ਹੈ।