ਜਸਵੰਤ ਜੱਸ
ਫਰੀਦਕੋਟ, 11 ਜੂਨ
ਪੰਜਾਬ ਸਰਕਾਰ ਦੀ ਨਵੀਂ ਆਬਕਾਰੀ ਨੀਤੀ ਤਹਿਤ ਪਹਿਲੀ ਜੁਲਾਈ ਤੋਂ ਸਸਤੀ ਹੋਣ ਜਾ ਰਹੀ ਸ਼ਰਾਬ ਨੇ ਪਿਆਕੜਾਂ ਦੇ ਉਤਸ਼ਾਹ ਦੁੱਗਣੇ ਕਰ ਦਿੱਤੇ ਹਨ। ਪੰਜਾਬ ਸਰਕਾਰ ਦੀ ਨੀਤੀ ਮੁਤਾਬਕ ਪਹਿਲੀ ਜੁਲਾਈ ਨੂੰ ਸ਼ਰਾਬ ਸਸਤੀ ਹੋਣੀ ਹੈ ਪਰ ਪੁਰਾਣੇ ਠੇਕੇਦਾਰਾਂ ਨੇ ਆਪਣਾ ਕੋਟਾ ਖ਼ਤਮ ਕਰਨ ਲਈ 10 ਜੂਨ ਤੋਂ ਹੀ ਸ਼ਰਾਬ ਸਸਤੀ ਕਰ ਦਿੱਤੀ ਹੈ। ਇਸ ਕਰ ਕੇ ਠੇਕਿਆਂ ਤੇ ਅਹਾਤਿਆਂ ’ਤੇ ਭੀੜ ਲੱਗੀ ਹੈ।
ਫ਼ਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਅੱਜ ਅਹਾਤਿਆਂ ਦਾ ਦੌਰਾ ਕੀਤਾ ਤੇ ਉੱਥੇ ਪਿਆਕੜਾਂ ਨਾਲ ਗੱਲਬਾਤ ਕੀਤੀ। ਵਿਧਾਇਕ ਨੇ ਉਨ੍ਹਾਂ ਨੂੰ ਕਿਹਾ ਕਿ ਪੰਜਾਬ ਸਰਕਾਰ ਨੇ ਸ਼ਰਾਬ ਦੇ ਭਾਅ ਘੱਟ ਕੀਤੇ ਹਨ ਤੇ ਹੁਣ ਪੰਜਾਬ ਦੇ ਲੋਕਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸ਼ਰਾਬ ਪੀਣੀ ਘੱਟ ਕਰਨ। ਵਿਧਾਇਕ ਨੇ ਸ਼ਰਾਬ ਦੇ ਠੇਕੇਦਾਰਾਂ ਨੂੰ ਵੀ ਤਾਕੀਦ ਕੀਤੀ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸ਼ਰਾਬ ਨਾ ਵੇਚੀ ਜਾਵੇ। ਵਿਧਾਇਕ ਨੇ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਦੀ ਨਵੀਂ ਨੀਤੀ ਨਾਲ ਪੰਜਾਬ ਵਿੱਚ ਹੁੰਦੀ ਸ਼ਰਾਬ ਦੀ ਤਸਕਰੀ ਮੁਕੰਮਲ ਤੌਰ ’ਤੇ ਬੰਦ ਹੋ ਜਾਵੇਗੀ। ਵਿਧਾਇਕ ਨੇ ਇੱਥੇ ਜੁੜੇ ਲੋਕਾਂ ਨੂੰ ਕਿਹਾ ਕਿ ਪੰਜਾਬ ਸਰਕਾਰ ਦੀ ਨਵੀਂ ਸ਼ਰਾਬ ਨੀਤੀ ਨਾਲ ਸ਼ਰਾਬ ਦਾ ਸੇਵਨ ਕਰਨ ਵਾਲਿਆਂ ਨੂੰ ਵੱਡਾ ਲਾਭ ਹੋਵੇਗਾ ਜਦੋਂਕਿ ਵਪਾਰੀਆਂ ਦੇ ਮੁਨਾਫ਼ੇ ਸੀਮਤ ਹੋਣਗੇ। ਵਿਧਾਇਕ ਸੇਖੋਂ ਨੇ ਅਹਾਤਿਆਂ ’ਤੇ ਮਿਲਣ ਵਾਲੇ ਲੋਕਾਂ ਨੂੰ ਕਿਹਾ ਕਿ ਪੰਜਾਬ ਸਰਕਾਰ ਸਸਤੀ ਤੇ ਚੰਗੀ ਸ਼ਰਾਬ ਮੁਹੱਈਆ ਕਰਾਵੇਗੀ। ਉਨ੍ਹਾਂ ਪਿਆਕੜਾਂ ਨੂੰ ਅਪੀਲ ਕੀਤੀ ਕਿ ਸ਼ਰਾਬ ਦੀ ਸੀਮਤ ਵਰਤੋਂ ਕਰਨ ਅਤੇ ਬਚਣ ਵਾਲਾ ਪੈਸਾ ਆਪਣੇ ਬੱਚਿਆਂ ਦੀ ਪੜ੍ਹਾਈ ਤੇ ਪਰਿਵਾਰ ਦੀ ਭਲਾਈ ਲਈ ਖ਼ਰਚ ਕਰਨ।